ਸ਼ਰਾਰਤੀ ਅਨਸਰਾਂ ਨੇ ਪ੍ਰਾਈਵੇਟ ਸਕੂਲ ਦੇ ਬਾਹਰ ਖੜ੍ਹੀ ਮਿੰਨੀ ਬੱਸ ਨੂੰ ਲਾਈ ਅੱਗ

04/16/2020 1:27:19 PM

ਗੁਰੂਹਰਸਹਾਏ (ਆਵਲਾ) - ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਲੈ ਕੇ ਪੂਰੇ ਪੰਜਾਬ ਵਿਚ 3 ਮਈ ਤੱਕ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਮੌਕੇ ਬੀਤੀ ਰਾਤ ਗੁਰੂਹਰਸਹਾਏ ਦੇ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਵਾਲੀ ਗਲੀ ’ਚ ਖੜ੍ਹੀ ਮਿੰਨੀ ਬੱਸ ਨੂੰ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਮਾਲਕ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਗਿਆਰਾਂ ਅਤੇ ਬਾਰਾਂ ਵਜੇ ਦੇ ਦਰਮਿਆਨ ਗਲੀ ਵਿਚ ਕੁਝ ਸ਼ੋਰ ਸੁਣਾਈ ਦਿੱਤਾ। ਇਸ ਦੌਰਾਨ ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦੀ ਮਿੰਨੀ ਬੱਸ, ਜੋ ਗਲੀ ’ਚ ਖੜੀ ਹੋਈ ਸੀ, ਨੂੰ ਕਿਸੇ ਅੱਗ ਲਗਾ ਦਿੱਤੀ ਗਈ।

ਘਟਨਾ ਦਾ ਪਤਾ ਲੱਗਦੇ ਸਾਰ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਬੱਸ ਉੱਪਰ ਪਾਣੀ ਪਾ ਕੇ ਬੜੀ ਮੁਸ਼ਕਲ ਨਾਲ ਅੱਗ ਨੂੰ ਬੁਝਾ ਲਿਆ। ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੱਸ ਦੇ ਮਾਲਿਕ ਨੇ ਦੱਸਿਆ ਕਿ ਇਹ ਮਿੰਨੀ ਬੱਸ ਉਨ੍ਹਾਂ ਵਲੋਂ ਇਕ ਮਹੀਨਾ ਪਹਿਲਾ ਹੀ ਖਰੀਦੀ ਗਈ ਸੀ। ਬੱਸ ਦੇ ਮਾਲਿਕ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਕਿਸੇ ਨੇ ਵੀ ਇਹ ਕੰਮ ਕੀਤਾ ਹੈ, ਉਸ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਸ ਵਲੋਂ ਸਕੂਲ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਦੇਖੀ ਜਾ ਰਹੀ ਹੈ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


rajwinder kaur

Content Editor

Related News