ਲਾਲ ਚੂੜਾ ਪਾਈ ਪਤਨੀ ਨੇ ਧਾਹਾਂ ਮਾਰ ਸ਼ਹੀਦ ਫ਼ੌਜੀ ਨੂੰ ਦਿੱਤੀ ਅੰਤਿਮ ਵਿਦਾਈ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Sunday, Aug 10, 2025 - 05:32 PM (IST)

ਖੰਨਾ (ਬਿਪਨ): ਬੀਤੇ ਦਿਨੀਂ ਪੰਜਾਬ ਦਾ ਇਕ ਜਵਾਨ ਪ੍ਰਿਤਪਾਲ ਸਿੰਘ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਪ੍ਰਾਪਤ ਕਰ ਗਿਆ। ਅੱਜ ਸ਼ਹੀਦ ਪ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਪ੍ਰਿਤਪਾਲ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਇਲਾਕੇ ਦੀ ਹਰ ਅੱਖ ਨਮ ਹੋ ਗਈ।
ਚਾਰ ਮਹੀਨੇ ਪਹਿਲਾਂ ਕੀਤਾ ਸੀ ਧੂਮਧਾਮ ਨਾਲ ਵਿਆਹ
ਸ਼ਹੀਦ ਦੇ ਤਾਇਆ ਸਾਬਕਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਚਾਰ ਕੁ ਮਹੀਨੇ ਪਹਿਲਾਂ ਪ੍ਰਿਤਪਾਲ ਸਿੰਘ ਦਾ ਵਿਆਹ ਧੂਮਧਾਮ ਨਾਲ ਕੀਤਾ ਗਿਆ ਸੀ। ਉਸ ਦਿਨ ਉਹ ਕਲਗੀ ਲਾ ਕੇ ਤੇ ਸਿਹਰਾ ਸਜਾ ਕੇ ਪਿੰਡ ਦੀਆਂ ਗਲ਼ੀਆਂ ’ਚੋਂ ਬਾਦਸ਼ਾਹ ਬਣ ਕੇ ਨਿਕਲਿਆ ਸੀ। ਉਸ ਤੋਂ ਬਾਅਦ ਸਾਰਾ ਪਰਿਵਾਰ ਉਸਦੀ ਪਹਿਲੀ ਛੁੱਟੀ ਨੂੰ ਉਡੀਕ ਰਿਹਾ ਸੀ ਪਰ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਹੁਣ ਪ੍ਰਿਤਪਾਲ ਸਿੰਘ ਤਿਰੰਗੇ ’ਚ ਲਿਪਟ ਕੇ ਹੀ ਘਰ ਵਾਪਸ ਪਰਤੇਗਾ। ਪ੍ਰਿਤਪਾਲ ਨਿਹਾਇਤ ਹੀ ਸ਼ਰੀਫ਼ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ। ਉਹ ਕਿਸੇ ਨੂੰ ਮੰਦਾ ਚੰਗਾ ਤਾਂ ਕੀ ਉਚੀ ਬੋਲਣਾ ਵੀ ਪਸੰਦ ਨਹੀਂ ਸੀ ਕਰਦਾ ਸੀ। ਪ੍ਰਿਤਪਾਲ ਨੇ ਫੌਜ ’ਚ ਭਰਤੀ ਹੋਣ ਤੋਂ ਬਾਅਦ ਕਮਾਡੋ ਟ੍ਰੇਨਿੰਗ ਵੀ ਹਾਸਲ ਕੀਤੀ ਸੀ। ਹੁਣ ਉਹ ਲਾਂਸ–ਨਾਇਕ ਤੋਂ ਪਦਉੱਨਤ ਹੋ ਕੇ ਨਾਇਕ ਬਣਨ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ
ਦੱਸਣਯੋਗ ਹੈ ਕਿ ਪ੍ਰਿਤਪਾਲ ਦਲਿਤ ਪਰਿਵਾਰ ਦੇ ਕਿਰਤੀ ਹਰਬੰਸ ਸਿੰਘ ਦਾ ਪੁੱਤਰ ਹੈ। ਉਸ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚੋਂ 12ਵੀਂ ਦੀ ਪੜ੍ਹਾਈ ਕੀਤੀ ਸੀ ਤੇ ਇਸ ਤੋਂ ਬਾਅਦ ਫ਼ੌਜ਼ ’ਚ ਭਰਤੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਪਰਿਵਾਰ ਵੱਲੋਂ ਉਸਦੇ ਛੁੱਟੀ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਇਹ ਭਾਣਾ ਵਾਪਰ ਗਿਆ।
ਸਾਡਾ ਭਰਾ ਤਾਂ ਚਲਾ ਗਿਆ ਪਰ ਹੁਣ ਜੋ ਅੱਤਵਾਦੀ ਬਚਿਆ, ਉਸ ਨੂੰ ਮਾਰ ਦਿਓ
ਸ਼ਹੀਦ ਪ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਰੋਂਦਿਆਂ ਕਿਹਾ ਕਿ ਸਾਡਾ ਭਰਾ ਤਾਂ ਹੁਣ ਚਲਾ ਗਿਆ ਪਰ ਜਿਸ ਅੱਤਵਾਦੀ ਨੇ ਉਸ ਦੇ ਗੋਲ਼ੀਆਂ ਮਾਰੀਆਂ ਹਨ ਉਹ ਅਜੇ ਜਿਉਂਦਾ ਹੈ। ਬਸ ਫ਼ੌਜ ਹੁਣ ਸਾਡਾ ਇਹ ਬਦਲਾ ਲਵੇ ਤੇ ਉਸ ਅੱਤਵਾਦੀ ਨੂੰ ਮਾਰੇ। ਉਨ੍ਹਾਂ ਅੱਗੇ ਦੱਸਿਆ ਕਿ ਭਰਾ ਨੇ ਦੀਵਾਲੀ ਮੌਕੇ ਛੁੱਟੀ ਕੱਟਣ ਲਈ ਆਉਣਾ ਸੀ ਪਰ ਹੁਣ ਉਹ ਕਦੇ ਨਹੀਂ ਆਵੇਗਾ। ਉਸ ਨੇ ਦੱਸਿਆ ਕਿ ਰਾਤ ਪ੍ਰਿਤਪਾਲ ਸਿੰਘ ਦੇ ਦੋਸਤਾਂ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਪ੍ਰਿਤਪਾਲ ਦੇ ਸੱਟਾਂ ਲੱਗੀਆਂ ਹਨ। ਇਹ ਗੱਲ ਸੁਣ ਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਤੁਸੀਂ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ? ਅੱਗੋਂ ਉਨ੍ਹਾਂ ਕਿਹਾ ਕਿ ਕਰਵਾ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਇਹ ਗੱਲ ਆਖੀ ਕਿ ਉਹ ਖ਼ੁਦ ਵੀ ਕਸ਼ਮੀਰ ਆ ਜਾਵੇਗਾ ਤਾਂ ਅੱਗੋਂ ਪ੍ਰਿਤਪਾਲ ਦਾ ਦੋਸਤ ਫੋਨ ’ਤੇ ਹੀ ਰੋਣ ਲੱਗ ਪਿਆ ਤੇ ਉਸਨੇ ਰੋਂਦੇ-ਰੋਂਦੇ ਦੱਸਿਆ ਕਿ ਪ੍ਰਿਤਪਾਲ ਸਿੰਘ ਤਾਂ ਸ਼ਹੀਦ ਹੋ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ’ਚ ਸੋਕ ਦਾ ਮਾਹੌਲ ਪੈਦਾ ਹੋ ਗਿਆ।
ਸ਼ਹੀਦ ਪ੍ਰਿਤਪਾਲ ਸਿੰਘ ਦੀ ਕੁਰਬਾਨੀ ‘ਤੇ ਫ਼ਖਰ : ਵਿਧਾਇਕ ਦਿਆਲਪੁਰਾ
ਜੰਮੂ-ਕਸ਼ਮੀਰ ਵਿਖੇ ਅੱਤਵਾਦੀਆਂ ਨਾਲ ਐਨਕਾਊਂਟਰ ’ਚ ਸ਼ਹੀਦ ਹੋਏ ਪ੍ਰਿਤਪਾਲ ਸਿੰਘ ਦੀ ਸ਼ਹਾਦਤ ’ਤੇ ਬੋਲਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਹ ਪ੍ਰਿਤਪਾਲ ਸਿੰਘ ਦੀ ਕੁਰਬਾਨੀ ’ਤੇ ਫ਼ਖਰ ਮਹਿਸੂਸ ਕਰਦੇ ਹਨ ਤੇ ਸੌ–ਸੌ ਵਾਰ ਪ੍ਰਣਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8