ਕੈਦੀ ਗੁਪਤ ਅੰਗ ’ਚ ਮੋਬਾਇਲ ਲੁਕਾ ਕੇ ਪਹੁੰਚਿਆਂ ਜੇਲ, ਬਾਹਰ ਨਾ ਨਿਕਲਣ ’ਤੇ ਕਰਵਾਉਣਾ ਪਿਆ ਹਸਪਤਾਲ ਦਾਖਲ
Wednesday, Oct 13, 2021 - 06:01 PM (IST)
ਗੁਰਦਾਸਪੁਰ (ਸਰਬਜੀਤ) : ਸਥਾਨਕ ਕੇਂਦਰੀ ਜੇਲ ਗੁਰਦਾਸਪੁਰ ’ਚ ਮਾਡਰਨ ਜੇਲ ਕਪੂਰਥਲਾਂ ਤੋਂ ਸ਼ਿਫ਼ਟ ਕੀਤੇ ਗਏ ਇਕ ਕੈਦੀ ਦੀ ਪੁਲਸ ਵੱਲੋਂ ਕੀਤੀ ਗਈ ਤਾਲਾਸ਼ੀ ਦੌਰਾਨ ਉਸ ਦੇ ਗੁਪਤ ਅੰਗ ’ਚੋਂ ਇਕ ਮੋਬਾਇਲ ਫੋਨ ਅਤੇ ਦੋ ਤੰਬਾਕੂ ਦੇ ਪਾਊਂਚ ਮਿਲੇ ਹਨ, ਜਦਕਿ ਗੁਪਤ ਅੰਗ ’ਚੋਂ ਮੋਬਾਇਲ ਫੋਨ ਨਾ ਕੱਢੇ ਜਾਣ ’ਤੇ ਗੁਰਦਾਸਪੁਰ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਪੁੱਤਰ ਓਮ ਪ੍ਰਕਾਸ਼ ਵਾਸੀ ਹਰਗੋਬਿੰਦ ਨਗਰ ਦਕੋਹਾ ਜ਼ਿਲ੍ਹਾ ਜਲੰਧਰ ਮਾਡਰਨ ਜੇਲ ਕਪੂਰਥਲਾ ਤੋਂ ਕੁਝ ਦਿਨਾਂ ਤੋਂ ਛੁੱਟੀ ਕੱਟਣ ਗਿਆ ਹੋਇਆ ਸੀ। ਛੁੱਟੀ ਕੱਟਣ ਤੋਂ ਬਾਅਦ ਉਹ 12 ਅਕਤੂਬਰ ਨੂੰ ਰਾਤ ਦਸ ਵਜੇ ਕੇਂਦਰੀ ਜੇਲ ਗੁਰਦਾਸਪੁਰ ਵਿਚ ਭੇਜਿਆ ਗਿਆ।
ਉਸ ਦੀ ਤਾਲਾਸ਼ੀ ਜੇਲ ਵਿਚ ਲੱਗੀ ਐਕਸਰੇ ਮਸ਼ੀਨ ਨਾਲ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ ’ਚ ਇਕ ਮੋਬਾਇਲ ਫੋਨ ਪਾਇਆ ਗਿਆ। ਇਸ ਬਾਰੇ ਸੂਚਨਾ ਕੇਂਦਰੀ ਜੇਲ ਗੁਰਦਾਸਪੁਰ ਵਿਚ ਤਾਇਨਾਤ ਡਾਕਟਰ ਨੂੰ ਦਿੱਤੀ ਗਈ। ਡਾਕਟਰ ਨੇ ਮੋਬਾਇਲ ਫੋਨ ਨੂੰ ਕੱਢਣ ਦੀ ਕਾਫੀ ਕੋਸ਼ਿਸ ਕੀਤੀ ਪਰ ਉਹ ਨਹੀਂ ਨਿਕਲ ਸਕਿਆ। ਰਾਤ ਕਰੀਬ ਇਕ ਵਜੇ ਉਕਤ ਕੈਦੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਪਤਾ ਲੱਗਾ ਹੈ ਕਿ ਉਸ ਤੋਂ ਸੈਮਸੰਗ ਮੋਬਾਇਲ ਬਰਾਮਦ ਹੋਇਆ ਹੈ। ਇਸ ਸਬੰਧੀ ਜੇਲ ਸੁਪਰੀਡੈਂਟ ਰਜਿੰਦਰ ਸਿੰਘ ਹੁੰਦਲ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਕਤ ਕੈਦੀ ਦੀ ਅੰਮ੍ਰਿਤਸਰ ਹਸਪਤਾਲ ਤੋਂ ਰਿਪੋਰਟ ਆਉਣ ਦੇ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।