ਫਰਾਰ ਹੋਣ ਲਈ ਕੈਦੀ ਨੇ ਲੜਾਈ ਅਜਿਹੀ ਜੁਗਤ, ਦੇਖ ਕੇ ਪੁਲਸ ਦੇ ਫੁੱਲੇ ਹੱਥ-ਪੈਰ

11/14/2019 8:47:36 PM

ਲੁਧਿਆਣਾ, (ਸਿਆਲ)— ਨਸ਼ੇ ਦੇ ਕੇਸ 'ਚ ਕੈਦ ਭੁਗਤ ਰਿਹਾ ਕੈਦੀ ਪੇਸ਼ੀ ਤੋਂ ਵਾਪਸ ਸੈਂਟਰਲ ਜੇਲ ਆਉਂਦੇ ਸਮੇਂ ਬੱਸ 'ਚੋਂ ਫਰਾਰ ਹੋਣ 'ਚ ਸਫਲ ਹੋ ਗਿਆ।
ਜਾਣਕਾਰੀ ਮੁਤਾਬਕ ਕੈਦੀ ਸੂਰਜ ਕੁਮਾਰ ਨਸ਼ੇ ਦੇ ਕੇਸ 'ਚ ਤਾਜਪੁਰ ਰੋਡ ਦੀ ਕੇਂਦਰੀ ਜੇਲ 'ਚ 12 ਸਾਲ ਦੀ ਸਜ਼ਾ ਭੁਗਤ ਰਿਹਾ ਸੀ। ਉਕਤ ਕੈਦੀ 'ਤੇ ਥਾਣਾ ਸਦਰ 'ਚ 2 ਹੋਰ ਕੇਸ ਦਰਜ ਹੋਣ ਕਾਰਨ ਸਵੇਰੇ ਪੇਸ਼ੀ ਭੁਗਤਣ ਗਿਆ। ਉਕਤ ਕੈਦੀ ਸਮੇਤ ਹੋਰਨਾਂ ਬੰਦੀਆਂ ਨੂੰ ਜਦੋਂ ਪੁਲਸ ਗਾਰਦ ਬੱਸ ਰਾਹੀਂ ਸੈਂਟਰਲ ਜੇਲ ਪੁੱਜੀ ਤਾਂ ਜੇਲ ਦਾ ਮੁਲਾਜ਼ਮ ਪੇਸ਼ੀ ਤੋਂ ਆਏ ਬੰਦੀਆਂ ਦੀ ਗਿਣਤੀ ਕਰ ਕੇ ਜੇਲ ਡਿਓਢੀ ਵਿਚ ਦਾਖਲ ਕਰ ਰਿਹਾ ਸੀ ਕਿ 20 ਬੰਦੀਆਂ ਦੀ ਗਿਣਤੀ 'ਚ 19 ਬੰਦੀਆਂ ਦੀ ਗਿਣਤੀ ਆਉਣ ਨਾਲ ਪੁਲਸ ਗਾਰਦ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ। ਜਦੋਂ ਉਕਤ ਮੁਲਾਜ਼ਮਾਂ ਨੇ ਬੱਸ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਬੈਠਣ ਵਾਲੀ ਸੀਟ ਦੇ ਹੇਠਾਂ ਇਕ ਵੱਡਾ ਸੁਰਾਖ ਸੀ। ਉਕਤ ਕੈਦੀ ਕਿਤੇ ਗੱਡੀ ਰੁਕਣ 'ਤੇ ਉਕਤ ਸੁਰਾਖ ਦਾ ਫਾਇਦਾ ਲੈ ਕੇ ਫਰਾਰ ਹੋ ਗਿਆ। ਪੁਲਸ ਦੇ ਅਧਿਕਾਰੀ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਹੈਰਾਨੀਜਨਕ ਵਿਸ਼ਾ ਇਹ ਹੈ ਕਿ ਨਾਲ ਬੈਠੇ ਬੰਦੀ ਨੂੰ ਇਸ ਦੀ ਭਿਣਕ ਕਿਉਂ ਨਹੀਂ ਪਈ, ਜਦੋਂਕਿ ਪੁਲਸ ਗਾਰਦ ਦੇ ਮੁਲਾਜ਼ਮ ਅੱਗੇ-ਪਿੱਛੇ ਅਤੇ ਸੈਂਟਰ ਵਿਚ ਪੇਸ਼ੀ ਤੋਂ ਆਉਣ ਵਾਲੇ ਬੰਦੀਆਂ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖਦੇ ਹਨ। ਇਸ ਤਰ੍ਹਾਂ ਸ਼ਾਤਰ ਬੰਦੀ ਮੌਕੇ ਦੀ ਭਾਲ 'ਚ ਰਹਿੰਦੇ ਹਨ।

 


KamalJeet Singh

Content Editor

Related News