ਪਾਬੰਦੀਸ਼ੁਦਾ ਦਵਾਈਆਂ ਸਮੇਤ ਕਾਬੂ 2 ਦੋਸ਼ੀਆਂ ਨੂੰ 10-10 ਸਾਲ ਦੀ ਕੈਦ

04/26/2018 2:25:37 AM

ਹੁਸ਼ਿਆਰਪੁਰ, (ਅਮਰਿੰਦਰ)- ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਨਾਲ ਕਾਬੂ ਕੀਤੇ ਦੋ ਦੋਸ਼ੀਆਂ ਸੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੁਧਿਆਣਾ ਅਤੇ ਜਗਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੁਹੱਲਾ ਧਰਮਪੁਰਾ ਲੁਧਿਆਣਾ ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਦੀ ਅਦਾਲਤ ਨੇ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 1-1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। 
ਵਰਣਨਯੋਗ ਹੈ ਕਿ ਥਾਣਾ ਸਦਰ ਦੀ ਪੁਲਸ ਨੇ ਏ. ਐੱਸ. ਆਈ. ਮਹਿੰਦਰਪਾਲ ਦੀ ਅਗਵਾਈ 'ਚ 15 ਸਤੰਬਰ 2014 ਨੂੰ ਸ਼ੇਰਗੜ੍ਹ ਬਾਈਪਾਸ ਨੇੜੇ ਨਾਕਾਬੰਦੀ ਦੌਰਾਨ ਸ਼ਾਮੀਂ ਕਰੀਬ 7 ਵਜੇ ਇਕ ਚਿੱਟੇ ਰੰਗ ਦੀ ਇੰਡੀਗੋ ਕਾਰ, ਜੋ ਕਿ ਫਗਵਾੜਾ ਬਾਈਪਾਸ ਵੱਲੋਂ ਆ ਰਹੀ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਕ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਰ ਨੂੰ ਰੋਕ ਕੇ ਜਦੋਂ ਡਿੱਗੀ ਦੀ ਤਲਾਸ਼ੀ ਲਈ ਤਾਂ ਉਸ ਵਿਚ ਰੱਖੀਆਂ ਸੇਬਾਂ ਨਾਲ ਭਰੀਆਂ 2 ਬੋਰੀਆਂ 'ਚੋਂ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ। 
ਪੁਲਸ ਨੇ ਕਾਰ ਚਾਲਕ ਸੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਚੰਡੀਗੜ੍ਹ ਰੋਡ ਲੁਧਿਆਣਾ ਅਤੇ ਫ਼ਰਾਰ ਹੋਏ ਨੌਜਵਾਨ ਜਗਪ੍ਰੀਤ ਸਿੰਘ ਉਰਫ ਜੱਗੀ ਪੁੱਤਰ ਸੁਰਿੰਦਰ ਸਿੰਘ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ।


Related News