ਪ੍ਰਾਇਮਰੀ ਹੈਲਥ ਸੈਂਟਰ ਦੀ ਖਸਤਾ ਹਾਲਤ ਕੋਂ ਲੋਕ ਪ੍ਰੇਸ਼ਾਨ

12/31/2017 9:58:38 AM


ਫਾਜ਼ਿਲਕਾ (ਨਾਗਪਾਲ) - ਕੇਂਦਰ ਸਮੇਤ ਸੂਬਾ ਸਰਕਾਰ ਸਾਰੇ ਸਰਕਾਰੀ ਅਦਾਰਿਆਂ 'ਚ ਸਵੱਛਤਾ ਦੀ ਦੁਹਾਈ ਦੇ ਕੇ ਸਰਕਾਰੀ ਅਦਾਰਿਆਂ ਨੂੰ ਸਵੱਛ ਰੱਖਣ ਦੇ ਉਪਰਾਲੇ ਕਰ ਰਹੀ ਹੈ ਪਰ ਕੁਝ ਸਰਕਾਰੀ ਅਦਾਰੇ ਫੰਡ ਦੀ ਕਮੀ ਕਰ ਕੇ ਤਰਸਯੋਗ ਹਾਲਤ 'ਚੋਂ ਗੁਜ਼ਰ ਰਹੇ ਹਨ। ਅਜਿਹੀ ਇਕ ਉਦਾਹਰਣ ਹੈ, ਜ਼ਿਲੇ ਦੇ ਪਿੰਡ ਜੰਡਵਾਲਾ ਭੀਮੇਸ਼ਾਹ 'ਚ ਸਥਿਤ ਸਿਹਤ ਵਿਭਾਗ ਦਾ ਪ੍ਰਾਇਮਰੀ ਹੈਲਥ ਸੈਂਟਰ, ਜੋ ਫੰਡ ਦੀ ਕਮੀ ਕਰ ਕੇ ਤਰਸਯੋਗ ਹਾਲਤ 'ਚ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਭੀਮੇਸ਼ਾਹ 'ਚ ਸਥਿਤ ਸਿਹਤ ਵਿਭਾਗ ਦਾ ਪ੍ਰਾਇਮਰੀ ਹੈਲਥ ਸੈਂਟਰ ਜੋ ਬਲਾਕ ਜੰਡਵਾਲਾ ਭੀਮੇਸ਼ਾਹ ਦਾ ਹੈੱਡਕੁਆਰਟਰ ਹੈ। ਇਸ ਅਧੀਨ ਚਾਰ ਮਿੰਨੀ ਪੀ. ਐੱਚ. ਸੀ. ਵੀ ਆਉਂਦੀਆਂ ਹਨ ਪਰ ਹੈੱਡ ਕੁਆਰਟਰ ਆਪਣੀ ਤਰਸਯੋਗ ਹਾਲਤ 'ਤੇ ਹੰਝੂ ਵਹਾ ਰਿਹਾ ਹੈ। ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਦੀ ਗੱਲ ਕਰੀਏ ਤਾਂ ਇਥੇ ਸਵੱਛਤਾ ਦੇ ਨਾਂ 'ਤੇ ਪਖਾਨਿਆਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਹੈ। ਇਸ 'ਚ ਮਰੀਜ਼ਾਂ ਤੇ ਸਟਾਫ ਦੇ ਵਰਤਣ ਲਈ 2 ਪਖਾਨੇ ਹਨ, ਦਰਜਾ ਚਾਰ ਕਰਮਚਾਰੀਆਂ ਵੱਲੋਂ ਸਾਫ ਸਫਾਈ ਰੱਖੇ ਜਾਣ ਤੋਂ ਬਾਅਦ ਵੀ ਦੋਵਾਂ ਦੀ ਹਾਲਤ ਖਸਤਾ ਹੈ। ਇਕ ਪਖਾਨੇ ਦੇ ਦਰਵਾਜ਼ੇ ਟੁੱਟੇ ਪਏ ਹਨ ਅਤੇ ਦੂਜਾ ਵੀ ਮਾੜੀ ਹਾਲਤ ਵਿਚ ਹੈ।
ਪਿੰਡ ਦੇ ਬੇਸਹਾਰਾ ਪਸ਼ੂ ਸਾਰਾ ਦਿਨ ਹਸਪਤਾਲ ਅੰਦਰ ਵੜੇ ਰਹਿੰਦੇ ਹਨ। ਚਾਰਦੀਵਾਰੀ ਨਾ ਹੋਣ ਕਾਰਨ ਅਸਮਾਜਿਕ ਅਨਸਰਾਂ ਵੱਲੋਂ ਐੱਸ. ਐੱਮ. ਓ. ਦੀ ਰਿਹਾਇਸ਼ੀ ਬਿਲਡਿੰਗ ਨੂੰ ਖੰਡਰ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਪਖਾਨਿਆਂ ਤੇ ਚਾਰਦੀਵਾਰੀ ਤੋਂ ਇਲਾਵਾ ਪੀ. ਐੱਚ. ਸੀ. ਵਿਚ ਕਮਰੇ ਵੀ ਕਾਫੀ ਘੱਟ ਹਨ, ਇਮਾਰਤ ਬਹੁਤ ਪੁਰਾਣੀ ਹੋਣ ਕਰ ਕੇ ਕਮਰਿਆਂ ਦੀ ਹਾਲਤ ਵੀ ਤਰਸਯੋਗ ਹੈ। ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਅਧੀਨ ਇਕ ਮਿੰਨੀ ਪੀ. ਐੱਚ. ਸੀ. ਚੱਕ ਜਾਨੀਸਰ ਵਿਭਾਗ ਦੇ ਕਾਇਆਕਲਪ ਪ੍ਰੋਗਰਾਮ ਦੌਰਾਨ ਜ਼ਿਲੇ ਭਰ ਦੀਆਂ ਹੋਰਨਾਂ ਮਿੰਨੀ ਪੀ. ਐੱਚ. ਸੀਜ਼ ਨੂੰ ਪਛਾੜਦੀ ਹੋਈ ਪਹਿਲੇ ਸਥਾਨ 'ਤੇ ਰਹੀ ਹੈ। ਇਸ ਸਬੰਧੀ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਬੀਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਬਤੌਰ ਐੱਸ. ਐੱਮ. ਓ. ਕਰੀਬ ਇਕ ਮਹੀਨਾ ਪਹਿਲਾਂ ਚਾਰਜ ਸੰਭਾਲਿਆ ਹੈ। ਪਖਨੇ ਅਤੇ ਚਾਰਦੀਵਾਰੀ ਦੀ ਹਾਲਤ ਤਰਸਯੋਗ ਹੋਣ ਦਾ ਕਾਰਨ ਫੰਡ ਦੀ ਕਮੀ ਹੈ। ਪੀ. ਐੱਚ. ਸੀ. ਕੋਲ ਆਪਣਾ ਕੋਈ ਸਰਕਾਰੀ ਫੰਡ ਨਹੀਂ ਹੁੰਦਾ। ਵਿਭਾਗ ਵੱਲੋਂ ਕੋਈ ਵਿਸ਼ੇਸ਼ ਫੰਡ ਜਾਰੀ ਕੀਤਾ ਜਾਵੇ ਤਾਂ ਇਹ ਕੰਮ ਕਰਵਾਇਆ ਜਾ ਸਕਦਾ ਹੈ।


Related News