ਕੈਨੇਡਾ ਦੀ ਸਦਨ ’ਚ ਅੱਤਵਾਦੀ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੇ ਮਾਮਲੇ ’ਚ PM ਟਰੂਡੋ ਨੇ ਲਿਆ ਨੋਟਿਸ

07/01/2024 10:33:14 AM

ਜਲੰਧਰ (ਇੰਟ.) : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਨੇ ਸਰੀ ਸਥਿਤ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਦੇ ਉਸ ਪੱਤਰ ਦਾ ਨੋਟਿਸ ਲਿਆ ਹੈ, ਜਿਸ ’ਚ ਹਾਊਸ ਆਫ ਕਾਮਨਜ਼ ਦੇ ਸਪੀਕਰ ਵੱਲੋਂ ਖਾਲਿਸਤਾਨੀ ਅੱਤਵਾਦੀ ਨਿੱਝਰ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਗਿਆ ਹੈ। ਨਿੱਝਰ ਪਿਛਲੇ ਸਾਲ ਸਰੀ ’ਚ ਗੋਲੀਬਾਰੀ ਦੀ ਘਟਨਾ ’ਚ ਮਾਰਿਆ ਗਿਆ ਸੀ।

ਮਨਿੰਦਰ ਗਿੱਲ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਟਰੂਡੋ ਦੇ ਕਾਰਜਕਾਰੀ ਪੱਤਰ ਵਿਹਾਰ ਦੇ ਅਧਿਕਾਰੀ ਜੇ. ਗਾਂਜ਼ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪੱਤਰ ’ਚ ਕੀਤੀਆਂ ਟਿੱਪਣੀਆਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਇਸ ਨੂੰ ਜਨਤਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਸੂਚਨਾ ਅਤੇ ਵਿਚਾਰ ਲਈ ਭੇਜਿਆ ਜਾਵੇਗਾ। ਜੇ. ਗਾਂਜ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਉਣ ਲਈ ਧੰਨਵਾਦ ਕੀਤਾ ਹੈ।

ਗਿੱਲ ਨੇ ਪੱਤਰ ’ਚ ਕੀ ਲਿਖਿਆ?

ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਜਸਟਿਨ ਟਰੂਡੋ ਨੂੰ ਲਿਖੇ ਇਕ ਪੱਤਰ ’ਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ 23 ਜੂਨ ਦਾ ਦਿਨ ਹਰ ਕੈਨੇਡੀਅਨ ਲਈ ਬਹੁਤ ਦੁਖਦਾਈ ਹੈ ਕਿਉਂਕਿ ਇਸ ਦਿਨ ਅਸੀਂ ਕਨਿਸ਼ਕ ਬੰਬ ਧਮਾਕੇ ’ਚ ਜਾਨਾਂ ਗਵਾਉਣ ਵਾਲੇ 329 ਲੋਕਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਲਿਖਿਆ ਕਿ ਹਵਾਬਾਜ਼ੀ ਇਤਿਹਾਸ ’ਚ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਕੱਟੜਪੰਥੀ ਵਿਚਾਰਧਾਰਾ ਨੂੰ ਹਾਊਸ ਆਫ ਕਾਮਨਜ਼ ਵੱਲੋਂ ਜਾਇਜ਼ ਠਹਿਰਾਇਆ ਗਿਆ ਸੀ। ਪਿਛਲੀ 19 ਜੂਨ ਨੂੰ ਹਾਊਸ ਆਫ਼ ਕਾਮਨਜ਼ ’ਚ ਸਪੀਕਰ ਨੇ ਸਦਨ ਦੇ ਮੈਂਬਰਾਂ ਨੂੰ ਪਿਛਲੇ ਸਾਲ ਸਰੀ ’ਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਖੜ੍ਹੇ ਹੋਣ ਅਤੇ ਮੌਨ ਰਹਿਣ ਦੀ ਅਪੀਲ ਕੀਤੀ ਸੀ।

ਗਿੱਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਰਦੀਪ ਨਿੱਝਰ ਦਾ ਘਿਨੌਣਾ ਕਤਲ ਨਾ ਮੁਆਫ਼ੀਯੋਗ ਹੈ ਅਤੇ ਇਸ ਜੁਰਮ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ। ਹਾਲਾਂਕਿ, ਹਾਊਸ ਆਫ ਕਾਮਨਜ਼ ’ਚ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਵਿਅਕਤੀ ਬੇਦਾਗ ਚਰਿੱਤਰ ਵਾਲਾ ਹੋਣਾ ਚਾਹੀਦਾ ਹੈ। ਹਾਊਸ ਆਫ਼ ਕਾਮਨਜ਼ ਕੈਨੇਡਾ ਨੂੰ ਇਕ ਰਾਸ਼ਟਰ ਅਤੇ ਤਾਜ ਦੀ ਪਵਿੱਤਰਤਾ ਵਜੋਂ ਦਰਸਾਉਂਦਾ ਹੈ।

ਨਿੱਝਰ ਦੇ ਅੱਤਵਾਦੀ ਸਬੰਧਾਂ ਦਾ ਜ਼ਿਕਰ

ਗਲੋਬ ਐਂਡ ਮੇਲ ’ਚ ਪ੍ਰਕਾਸ਼ਿਤ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮਨਿੰਦਰ ਗਿੱਲ ਨੇ ਟਰੂਡੋ ਨੂੰ ਲਿਖੇ ਇਸ ਲੇਖ ’ਚ ਕਿਹਾ ਗਿਆ ਹੈ ਕਿ ਹਰਦੀਪ ਨਿੱਝਰ ਨੇ ਲੋਕਾਂ ਨੂੰ ਹਥਿਆਰ ਚੁੱਕਣ ਲਈ ਕਿਹਾ ਅਤੇ ਸ਼ਾਂਤੀਪੂਰਨ ਸਰਗਰਮੀ ’ਚ ਵਿਸ਼ਵਾਸ ਰੱਖਣ ਵਾਲਿਆਂ ਦਾ ਮਜ਼ਾਕ ਉਡਾਇਆ। ਲੇਖ ਵਿਚ ਅੱਗੇ ਕਿਹਾ ਗਿਆ ਹੈ ਕਿ ਉਹ ਆਦਮੀ ਕੱਟੜਪੰਥੀ ਵਿਚਾਰਧਾਰਾ ਵਿਚ ਡੁੱਬਿਆ ਹੋਇਆ ਸੀ। ਉਸ ਦੇ ਅੱਤਵਾਦੀਆਂ ਅਤੇ ਸਮੂਹਿਕ ਕਾਤਲਾਂ ਨਾਲ ਨੇੜਲੇ ਸਬੰਧ ਸਨ।

ਉਸ ਨੂੰ ਪਾਕਿਸਤਾਨ ਦੀ ਕਥਿਤ ਯਾਤਰਾ ਦੌਰਾਨ ਏ. ਕੇ. -47 ਰਾਈਫਲ ਚਲਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਇਹ ਵੀ ਦੋਸ਼ ਹੈ ਕਿ ਉਹ ਫਰਜ਼ੀ ਪਾਸਪੋਰਟ ’ਤੇ ਕੈਨੇਡਾ ਆਇਆ ਸੀ। ਗਿੱਲ ਨੇ ਲਿਖਿਆ ਕਿ ਇਕ ਕੈਨੇਡੀਅਨ ਹੋਣ ਦੇ ਨਾਤੇ ਮੈਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਅਜਿਹੇ ਵਿਅਕਤੀ ਨੂੰ ਹਾਊਸ ਆਫ ਕਾਮਨਜ਼ ’ਚ ਸਨਮਾਨਿਤ ਕੀਤਾ ਗਿਆ ਹੈ।

ਨਿੱਝਰ ਨੂੰ ਸਨਮਾਨਿਤ ਕਰਨ ਦੀ ਪ੍ਰਕਿਰਿਆ ’ਤੇ ਸਵਾਲ

ਉਨ੍ਹਾਂ ਨੇ ਪੱਤਰ ਵਿਚ ਕਿਹਾ ਕਿ ਹਾਊਸ ਆਫ ਕਾਮਨਜ਼ ਵਿਚ ਇਕ ਨਾਜ਼ੀ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਾਊਸ ਆਫ ਕਾਮਨਜ਼ ਵਿਚ ਬੁਲਾਏ ਗਏ ਜਾਂ ਸਨਮਾਨਿਤ ਕੀਤੇ ਗਏ ਵਿਅਕਤੀਆਂ ਦੀ ਜਾਂਚ ਕਰਨ ਲਈ ਕਿਸੇ ਕਿਸਮ ਦੀ ਪ੍ਰਕਿਰਿਆ ਵਿਕਸਿਤ ਕੀਤੀ ਜਾਵੇਗੀ ਪਰ ਇਸ ਘਟਨਾ ਤੋਂ ਉਲਟ ਸੰਕੇਤ ਮਿਲ ਰਹੇ ਹਨ।

ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੇ ਪੁੱਛਿਆ ਕਿ ਕੀ ਟਰੂਡੋ ਸਾਰੇ ਕੈਨੇਡੀਅਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਫੈਸਲੇ ਤੱਕ ਪਹੁੰਚਣ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਗਈ। ਇਸ ਕਦਮ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚਰਚਾ ਹੋਈ ਅਤੇ ਇਹ ਸਮਝੌਤਾ ਕਿਵੇਂ ਹੋਇਆ?

ਉਨ੍ਹਾਂ ਪੱਤਰ ’ਚ ਲਿਖਿਆ ਕਿ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਲੋਕ ਹਿੱਤਾਂ ਦੀ ਰੱਖਿਆ ਕਰੋ।


Harinder Kaur

Content Editor

Related News