ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤੀ ਝੁੰਦਾ ਕਮੇਟੀ ਦੀ ਰਿਪੋਰਟ ਜਨਤਕ

Monday, Jul 01, 2024 - 04:38 AM (IST)

ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤੀ ਝੁੰਦਾ ਕਮੇਟੀ ਦੀ ਰਿਪੋਰਟ ਜਨਤਕ

ਜਲੰਧਰ (ਮ੍ਰਿਦੁਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2017, 2019, 2022 ਲਗਤਾਰ ਚੋਣਾਂ ਹਾਰਨ ਤੋਂ ਬਾਅਦ ਇੱਕ 16 ਮੈਂਬਰੀ ਸੀਨੀਅਰ ਲੀਡਰਸ਼ਿਪ ਦਾ ਕਮੇਟੀ ਦਾ ਗਠਨ ਕੀਤਾ ਗਿਆ। ਉਸ 16 ਮੈਂਬਰੀ ਕਮੇਟੀ ਨੇ ਬਰੀਕੀ ਨਾਲ ਹਾਰ ਦੇ ਕਾਰਨਾਂ ਨੂੰ ਜਾਨਣ ਲਈ ਅਤੇ ਵਰਕਰਾਂ ਤੱਕ ਪਹੁੰਚ ਕਰਨ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਇੱਕ 13 ਮੈਂਬਰੀ ਕਮੇਟੀ ਬਣਾਈ। ਝੁੰਦਾ ਕਮੇਟੀ ਨੇ ਪੰਜਾਬ ਭਰ ਵਿਚ ਘੁੰਮਦੇ ਹੋਏ 100 ਦੇ ਕਰੀਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਅਤੇ ਕਈ ਮਹੀਨਿਆਂ ਦੀ ਮੁਸ਼ਕਤ ਤੋਂ ਬਾਅਦ ਝੁੰਦਾ ਕਮੇਟੀ ਦੀ ਰਿਪੋਰਟ ਤਿਆਰ ਕੀਤੀ। 

ਉਸ ਰਿਪੋਰਟ ਨੂੰ ਜਨਤਕ ਕਰਦਿਆਂ ਉਸ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਸ ਕਮੇਟੀ ਰਿਪੋਰਟ ਨੂੰ ਜਨਤਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਅਨੁਸਾਰ ਪੰਜਾਬ ਦੇ ਜਿਸ ਵੀ ਕੋਨੇ ਵਿਚ ਗਏ ਤਾਂ ਵਰਕਰਾਂ ਅਤੇ ਆਗੂਆਂ ਨੇ ਪਾਰਟੀ ਪ੍ਰਧਾਨ ਸਾਹਿਬ ਦੀ ਕਾਰਜਸ਼ਾਲੀ ’ਤੇ ਗੰਭੀਰ ਸਵਾਲ ਚੁੱਕੇ ਅਤੇ ਲੋਕਾਂ ਨੇ ਪਾਰਟੀ ਪ੍ਰਧਾਨ ਨੂੰ ਬਦਲਣ ਲਈ ਸਿੱਧੇ ਰੂਪ ਵਿਚ ਮੰਗ ਰੱਖੀ। 

ਪਰ ਝੁੰਦਾ ਕਮੇਟੀ ਆਪਣੀ ਰਿਪੋਰਟ ਫਾਈਨਲ ਕਰਨ ਲੱਗੀ ਉਸ ਸਮੇਂ ਕਮੇਟੀ ਦੇ ਕੁਝ ਮੈਂਬਰਾਂ ਨੇ ਸਿੱਧੇ ਤੌਰ ’ਤੇ ਪਾਰਟੀ ਪ੍ਰਧਾਨ ਦਾ ਨਾਂ ਨਾ ਲਿਖਣ ਦੀ ਬੇਨਤੀ ਕੀਤੀ ਅਤੇ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਦੇ ਨਾਮ ਦੀ ਥਾਂ ’ਤੇ ਲੀਡਰਸ਼ਿਪ ਵਿਚ ਤਬਦੀਲੀ ਕਰਨ ਦਾ ਸ਼ਬਦ ਵਰਤਿਆ ਗਿਆ। ਵਡਾਲਾ ਅਤੇ ਚੰਦੂਮਾਜਰਾ ਨੇ ਕਿਹਾ ਕਿ ਇਸ ਸ਼ਬਦ ਦਾ ਮਤਲਬ ਸੁਖਬੀਰ ਸਿੰਘ ਬਾਦਲ ਹੀ ਹੈ। ਅਕਾਲੀ ਵਰਕਰਾਂ ਨੇ ਮੰਗ ਰੱਖੀ ਸੀ ਕਿ ਸਮੁੱਚੇ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਸਰਕਾਰ ਦੇ ਸਮੇਂ ਹੋਈਆਂ ਗਲਤੀਆਂ ਲਈ ਖਿਮਾਯਾਚਨਾ ਕਰੇ ਅਤੇ ਇੱਕ ਪਰਿਵਾਰ ਇੱਕ ਟਿਕਟ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ

ਵਡਾਲਾ ਅਤੇ ਚੰਦੂਮਾਜਰਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ’ਤੇ ਵੀ ਲੋਕਾਂ ਨੇ ਸਵਾਲ ਖੜੇ ਕੀਤੇ ਸਨ। ਲੋਕਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਵਿਚ ਰਾਜਨੀਤਕ ਦਖਲਅੰਦਾਜੀ ਬੰਦ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ ਰਾਜਨੀਤਕ ਲੋਕਾਂ ਦੀਆਂ ਨਿਯੁਕਤੀਆ ਬੰਦ ਹੋਣੀਆਂ ਚਾਹੀਦੀਆਂ ਹਨ, ਸ਼੍ਰੋਮਣੀ ਕਮੇਟੀ ਦਾ ਮੈਂਬਰ ਨੂੰ ਕੋਈ ਵੀ ਰਾਜਨੀਤਕ ਚੋਣ ਨਹੀਂ ਲੜਨੀ ਚਾਹੀਦੀ। ਪਾਰਟੀ ਵਿਚ ਏਕਾਧਿਕਾਰ ਖਤਮ ਹੋਣਾ ਚਾਹੀਦਾ ਹੈ। ਪਾਰਟੀ ਵਿਚ ਏਕਧਿਕਾਰ ਖਤਮ ਕਰਕੇ ਟਿਕਟਾ ਦੀ ਵੰਡ ਲਈ ਪਾਰਲੀਮੈਂਟ ਬੋਰਡ ਦੀ ਸਥਾਪਨਾ ਹੋਣੀ ਚਾਹੀਦੀ ਹੈ ਅਤੇ ਇੱਕ ਕਲੈਕਟਿਵ ਲੀਡਰਸਿਪ ਸਾਹਮਣੇ ਲਿਆਉਣੀ ਚਾਹੀਦੀ ਹੈ। 

ਪਾਰਟੀ ਦਾ ਸਕੱਤਰ/ਦਫਤਰ ਇੰਚਾਰਜ਼ ਪਾਰਟੀ ਦੇ ਜਥੇਬੰਦਕ ਢਾਂਚੇ ਅਤੇ ਰਾਜਨੀਤਕ ਸਰਗਰਮੀਆਂ ਵੱਲ ਧਿਆਨ ਦੇ ਸਕੇ ਇਸ ਲਈ ਉਸ ਨੂੰ ਕੋਈ ਚੋਣ ਨਹੀਂ ਲੜਨੀ ਚਾਹੀਦੀ। ਪਾਰਟੀ ਪ੍ਰਧਾਨ ਦੇ ਨਿੱਜੀ ਕਾਰੋਬਾਰਾਂ ਤੋਂ ਲੈ ਕੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਵਰਕਰਾਂ ਨੇ ਉਂਗਲਾ ਚੁੱਕੀਆਂ। ਉਥੇ ਝੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਕੇਬਲ ਮਾਫੀਆ, ਮਾਈਨਿੰਗ ਮਾਫੀਆ ਵਰਗੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਹੁਦੇਦਾਰ ਸਾਬਤ ਸੂਰਤ ਸਿੱਖ ਹੋਣੇ ਚਾਹੀਦੇ ਹਨ। ਝੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਮੁਆਫੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਜਾ ਕੇ ਮੰਗਣੀ ਚਾਹੀਦੀ ਹੈ। ਪਾਰਟੀ ਪ੍ਰਧਾਨ ਲਗਾਤਾਰ ਦੋ ਵਾਰ ਤੋਂ ਵੱਧ ਪਾਰਟੀ ਪ੍ਰਧਾਨ ਨਹੀਂ ਰਹਿਣਾ ਚਾਹੀਦਾ। 

ਇਹ ਵੀ ਪੜ੍ਹੋ- ਦੁਬਈ ਦੀ ਜੇਲ੍ਹ ਵਿੱਚ ਫਸੇ 17 ਨੌਜਵਾਨਾਂ ਦੇ ਮਾਪਿਆਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਲਗਾਈ ਮਦਦ ਦੀ ਗੁਹਾਰ

ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਘੱਟ ਗਿਣਤੀਆਂ ਦੀ ਪਹਿਰੇਦਾਰੀ ਦੀ ਲੋੜ ਹੈ ਉਥੇ ਸੰਘੀ ਢਾਂਚੇ ਅਤੇ ਪੰਜਾਬ ਦੇ ਹੋਰ ਬੁਨਿਆਦੀ ਮਸਲਿਆਂ ਲਈ ਡੱਟ ਕੇ ਖੜਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅਮ੍ਰਿਤਸਰ ਸਾਹਿਬ ਵਿਖੇ ਹੋਣਾ ਚਾਹੀਦਾ ਹੈ। ਐੱਸ.ਓ.ਆਈ. ’ਤੇ ਵਰਕਰਾਂ ਵੱਲੋਂ ਵੱਡੇ ਸਵਾਲ ਚੁੱਕੇ ਗਏ ਅਤੇ ਕਿਹਾ ਗਿਆ ਕਿ ਐੱਸ.ਓ.ਆਈ. ਦੀ ਥਾਂ 'ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮੁੜ ਅੱਗੇ ਲਿਆਉਣਾ ਚਾਹੀਦਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਰਜਨ ਦੇ ਕਰੀਬ ਹੋਰ ਵੀ ਤੱਥ ਰੱਖੇ ਹਨ ਜਿਹੜੇ ਕਮੇਟੀ ਦੀ ਰਿਪੋਰਟ ਵਿਚ ਸ਼ਾਮਲ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News