ਇਕ ਹੀ ਮੀਂਹ ਨੇ ਖੋਲ੍ਹ ਦਿੱਤੀ ਸਾਡੀ ਨਿਰਮਾਣ ਗੁਣਵੱਤਾ ਦੀ ਪੋਲ

07/01/2024 2:13:20 AM

ਦੱਖਣ-ਪੱਛਮੀ ਮਾਨਸੂਨ ਲਗਭਗ ਸਮੁੱਚੇ ਦੇਸ਼ ’ਚ ਪਹੁੰਚ ਗਿਆ ਹੈ। ਇਸ ਦੌਰਾਨ ਮਾਨਸੂਨ ਤੋਂ ਪਹਿਲਾਂ ਦੀ 27-28 ਜੂਨ ਦੀ ਦਰਮਿਆਨੀ ਰਾਤ ਨੂੰ ਦਿੱਲੀ-ਐੱਨ. ਸੀ. ਆਰ. ਦੇ ਇਲਾਵਾ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਬੜਾ ਭਾਰੀ ਮੀਂਹ ਰਿਕਾਰਡ ਕੀਤਾ ਗਿਆ।

ਇਸ ਪਹਿਲੇ ਹੀ ਮੀਂਹ ਨੇ ਵਿਸ਼ਵ ਪੱਧਰੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਮੀਂਹ ਤੋਂ ਬਚਾਅ ਦੀ ਤਿਆਰੀ ਸਬੰਧੀ ਪ੍ਰਬੰਧਾਂ ਅਤੇ ਮਹੱਤਵਪੂਰਨ ਜਨਤਕ ਥਾਵਾਂ ਦੀ ਘਟੀਆ ਨਿਰਮਾਣ ਗੁਣਵੱਤਾ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ।

ਜਿੱਥੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਹੋ ਗਈ ਉੱਥੇ ਹੀ ਪਾਣੀ ’ਚ ਕਰੰਟ ਆ ਜਾਣ ਨਾਲ ਕੁਝ ਵਿਅਕਤੀਆਂ ਦੀ ਜਾਨ ਚਲੀ ਗਈ, ਉੱਥੇ ਹੀ ਕੁਝ ਵਿਅਕਤੀ ਪਾਣੀ ’ਚ ਡੁੱਬਣ ਨਾਲ ਆਪਣੀ ਜਾਨ ਗੁਆ ਬੈਠੇ। ਇੱਥੋਂ ਤੱਕ ਕਿ ਪਾਣੀ ਦੇ ਪ੍ਰਕੋਪ ਤੋਂ ਰਾਜਧਾਨੀ ਦਾ ਲੁਟੀਅਨ ਜ਼ੋਨ ਵੀ ਅਛੂਤਾ ਨਹੀਂ ਰਹਿ ਸਕਿਆ ਤੇ ਕਈ ਪਾਸ਼ ਇਲਾਕਿਆਂ ’ਚ ਪਾਣੀ ਭਰ ਗਿਆ।

ਪਾਣੀ ਭਰਨ ਕਾਰਨ ਸੰਸਦ ਮੈਂਬਰਾਂ ਨੇ ਕਈ ਤਰੀਕੇ ਅਪਣਾਏ ਜਿਨ੍ਹਾਂ ’ਚ ਪੈਂਟ ਟੰਗਣੀ, ਬੂਟ ਹੱਥ ’ਚ ਲੈ ਕੇ ਚੱਲਣਾ ਅਤੇ ਆਪਣੇ ਸਹਾਇਕਾਂ ਵੱਲੋਂ ਚੁੱਕ ਕੇ ਕਾਰ ਤੱਕ ਲਿਜਾਣਾ ਵੀ ਸ਼ਾਮਲ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਸ ਸਥਿਤੀ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਬਿਨਾਂ ਬੇੜੀ ਦੇ ਸੰਸਦ ਨਹੀਂ ਪਹੁੰਚ ਸਕਣਗੇ।

27 ਜੂਨ ਰਾਤ ਨੂੰ ਪਏ ਤੇਜ਼ ਮੀਂਹ ਦੇ ਨਤੀਜੇ ਵਜੋਂ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਘਰੇਲੂ ਟਰਮੀਨਲ-1 ’ਤੇ ਡਿਪਾਰਚਰ ਏਰੀਏ ਦੇ ਗੇਟ ਨੰ. 1 ਤੇ 2 ਦੇ ਬਾਹਰ ਬਣੀ ਵਿਸ਼ਾਲ ਕੈਨੋਪੀ (ਇਕ ਤਰ੍ਹਾਂ ਦੀ ਬਨਾਉਟੀ ਛੱਤ) ਢਹਿ ਜਾਣ ਨਾਲ ਡਿੱਗੇ ਛੱਜੇ ਨੂੰ ਰੋਕਣ ਵਾਲੀ ਕੁਇੰਟਲਾਂ ਭਾਰੀ ਪਾਈਪ ਅਤੇ ਸ਼ੈੱਡ ਦੀ ਲਪੇਟ ’ਚ ਆ ਕੇ ਜਿੱਥੇ 4 ਕਾਰਾਂ ਨੁਕਸਾਨੀਆਂ ਗਈਆਂ ਉੱਥੇ ਹੀ ਉਨ੍ਹਾਂ ’ਚ ਬੈਠੇ ਲਗਭਗ 8 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ।

ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ‘ਡੁਮਨਾ ਏਅਰਪੋਰਟ’ ’ਤੇ ਵੀ ਤੇਜ਼ ਮੀਂਹ ਕਾਰਨ ਕੈਨੋਪੀ ਫੱਟ ਗਈ ਅਤੇ ਉਸ ’ਚ ਇਕੱਠਾ ਹੋਇਆ ਪਾਣੀ ਅਚਾਨਕ ਤੇਜ਼ ਰਫਤਾਰ ਨਾਲ ਹੇਠਾਂ ਖੜ੍ਹੀ ਕਾਰ ’ਤੇ ਡਿੱਗਣ ਨਾਲ ਕਾਰ ਨੁਕਸਾਨੀ ਗਈ ਜਦਕਿ ਕਾਰ ਦੇ ਅੰਦਰ ਬੈਠਾ ਡਰਾਈਵਰ ਵਾਲ-ਵਾਲ ਬਚ ਗਿਆ। ‘ਡੁਮਨਾ ਏਅਰਪੋਰਟ’ ਮੈਨੇਜਮੈਂਟ ਨੇ ਕਾਰ ਮਾਲਕ ਨੂੰ ਨੁਕਸਾਨ ਦੀ ਪੂਰਤੀ ਦਾ ਭਰੋਸਾ ਦਿੱਤਾ ਹੈ।

ਇਹੀ ਨਹੀਂ, ਗੁਜਰਾਤ ’ਚ ਰਾਜਕੋਟ ਤੋਂ ਲਗਭਗ 25 ਕਿਲੋਮੀਟਰ ਦੂਰ ਹੀਰਾਸਰ ਪਿੰਡ ’ਚ ਬਣੇ ਕੌਮਾਂਤਰੀ ਹਵਾਈ ਅੱਡੇ ਦੀ ਕੈਨੋਪੀ ਦਾ ਵੀ ਇਕ ਵੱਡਾ ਹਿੱਸਾ 29 ਜੂਨ ਨੂੰ ਮੀਂਹ ’ਚ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਹਾਲਾਂਕਿ ਇਸ ਮਾਮਲੇ ’ਚ ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਦੋਂ ਉੱਥੇ ਕੋਈ ਨਹੀਂ ਸੀ, ਇਸ ਲਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਵਰਨਣਯੋਗ ਹੈ ਕਿ ਰਾਜਕੋਟ ਦੇ ਨਵੇਂ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 27 ਜੂਨ ਨੂੰ ਕੀਤਾ ਸੀ।

ਇਸ ਤੋਂ ਪਹਿਲਾਂ ਇਸੇ ਸਾਲ ਸਾਡੇ ਵੱਖ-ਵੱਖ ਨਿਰਮਾਣ ਪ੍ਰਾਜੈਕਟ ਇਸ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਬਿਹਾਰ ’ਚ ਸਿਰਫ 7 ਦਿਨਾਂ ’ਚ 5 ਪੁਲ ਡਿੱਗ ਚੁੱਕੇ ਹਨ। ਇਹੀ ਨਹੀਂ, ਬੀਤੇ ਹਫਤੇ ਅਯੁੱਧਿਆ ’ਚ ਰਾਮ ਮੰਦਰ ਦੀ ਛੱਤ ਤੋਂ ਪਾਣੀ ਚੋਣ ਅਤੇ ਰਾਮ ਪੱਥ ’ਤੇ ਪਾਣੀ ਦੇ ਇਕੱਠੇ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਕੁਝ ਸਮਾਂ ਪਹਿਲਾਂ ਅਟਲ ਪੁਲ ’ਚ ਤਰੇੜਾਂ ਅਤੇ ਉੱਤਰਾਖੰਡ ’ਚ ਉਸਾਰੀ ਅਧੀਨ ਸੁਰੰਗ ਦੇ ਢਹਿਣ ਨਾਲ ਭੜਥੂ ਪੈ ਚੁੱਕਾ ਹੈ।

ਹਾਲਾਂਕਿ ਸਾਰੇ ਚਾਹੁੰਦੇ ਹਨ ਕਿ ਦੇਸ਼ ਤਰੱਕੀ ਕਰੇ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਬਣਾਉਣ ਲਈ ਕੋਈ ਗੁਣਵੱਤਾ ਮਾਪਦੰਡ ਨਿਰਧਾਰਿਤ ਹੈ ਵੀ ਜਾਂ ਨਹੀਂ? ਕਿਸੇ ਵੀ ਥਾਂ ’ਤੇ ਭਾਵੇਂ ਉਹ ਸੜਕ ਹੋਵੇ ਜਾਂ ਪੁਲ ਜਾਂ ਹਵਾਈ ਅੱਡਾ ਅਜਿਹੀ ਕੋਈ ਏਜੰਸੀ ਹੋਣੀ ਚਾਹੀਦੀ ਹੈ ਜੋ ਇਨ੍ਹਾਂ ਥਾਵਾਂ ’ਤੇ ਗੁਣਵੱਤਾ ਦੀ ਨਿਗਰਾਨੀ ਕਰੇ।

ਮੀਂਹ ਦੇ ਪਾਣੀ ਦੇ ਥਾਂ-ਥਾਂ ਰੁਕੇ ਰਹਿਣ ਦੀ ਸਮੱਸਿਆ ਸਿਰਫ ਦਿੱਲੀ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਦਾ ਇਕ ਕਾਰਨ ਦੇਸ਼ ਦੀ ਜਲ ਨਿਕਾਸੀ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ ਵੀ ਹੈ। ਦੇਸ਼ ’ਚ ਵਧੇਰੀਆਂ ਥਾਵਾਂ ’ਤੇ ਵਿਛਾਈਆਂ ਗਈਆਂ ਸੀਵਰੇਜ ਦੀਆਂ ਲਾਈਨਾਂ ਕਾਫੀ ਪੁਰਾਣੀਆਂ ਹੋ ਚੁੱਕੀਆਂ ਹਨ ਜੋ 50 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ, ਜਿਨ੍ਹਾਂ ਦੀ ਨਾ ਗਾਰ ਆਦਿ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪੁਰਾਣੀਆਂ ਤੇ ਨਕਾਰਾ ਹੋ ਚੁੱਕੀਆਂ ਸੀਵਰੇਜ ਲਾਈਨਾਂ ਨੂੰ ਸੁਧਾਰਿਆ ਹੀ ਜਾ ਰਿਹਾ ਹੈ। ਇਸ ਦੇ ਉਲਟ ਜੇਕਰ ਪੈਰਿਸ ਦੀਆਂ ਨਾਲੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਸੈਂਕੜੇ ਸਾਲ ਪੁਰਾਣੀਆਂ ਹਨ ਪਰ ਉੱਥੇ ਇਨ੍ਹਾਂ ਦੀ ਸਾਫ-ਸਫਾਈ ਦਾ ਉਚਿਤ ਧਿਆਨ ਰੱਖਿਆ ਜਾਂਦਾ ਹੈ।

ਮੌਸਮ ਦੇ ਪਹਿਲੇ ਹੀ ਮੀਂਹ ਨਾਲ ਜਲ ਨਿਕਾਸੀ ਦੀਆਂ ਪਾਈਪਾਂ ਨੂੰ ਇੰਨਾ ਨੁਕਸਾਨ ਪੁੱਜਾ ਹੈ ਕਿ ਸਾਫ ਪੀਣ ਵਾਲਾ ਪਾਣੀ ਵੀ ਨਿਕਲ ਕੇ ਨਹੀਂ ਆ ਰਿਹਾ ਅਤੇ ਸੀਵਰੇਜ ਦਾ ਗੰਦਾ ਪਾਣੀ ਸਾਫ ਪਾਣੀ ਦੀਆਂ ਪਾਈਪਾਂ ’ਚ ਜਾ ਰਿਹਾ ਹੈ ਜਿਸ ਨਾਲ ਖਤਰਾ ਪੈਦਾ ਹੋ ਗਿਆ ਹੈ ਕਿ ਕਿਤੇ ਦਿੱਲੀ ਦੇ ਕਈ ਇਲਾਕੇ ਪੀਣ ਦੇ ਪਾਣੀ ਤੋਂ ਵਾਂਝੇ ਨਾ ਹੋ ਜਾਣ। ਸੀਵਰੇਜ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਕਿਤੇ ਵੀ ਪੈਦਾ ਨਾ ਹੋਵੇ।

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ’ਚ ਜੀ. ਐੱਮ. ਆਰ. ਗਰੁੱਪ (50.1 ਫੀਸਦੀ), ਫ੍ਰਾਪੋਰਟ ਏ. ਜੀ. (10 ਫੀਸਦੀ), ਮਲੇਸ਼ੀਆ ਏਅਰਪੋਰਟਸ (10 ਫੀਸਦੀ), ਇੰਡੀਆ ਡਿਵੈਲਪਮੈਂਟ ਫੰਡ (3.9 ਫੀਸਦੀ) ਅਤੇ ਭਾਰਤੀ ਹਵਾਬਾਜ਼ੀ ਅਥਾਰਿਟੀ ਦੇ ਕੋਲ 26 ਫੀਸਦੀ ਦੀ ਹਿੱਸੇਦਾਰੀ ਹੈ। ਇਸ ਲਈ ਏਅਰਪੋਰਟ ’ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਇਨ੍ਹਾਂ ਸਾਰਿਆਂ ਦੀ ਬਣਦੀ ਹੈ।

ਓਧਰ ਜਿਥੇ-ਜਿਥੇ ਏਅਰਪੋਰਟ ਅਥਾਰਿਟੀ ਹੈ ਉਨ੍ਹਾਂ ਨੂੰ ਵੀ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਭਵਿੱਖ ’ਚ ਅਜਿਹੀਆਂ ਦੁਰਘਟਨਾਵਾਂ ਨਾ ਹੋਣ ਅਤੇ ਇਨ੍ਹਾਂ ਸਭ ਤੋਂ ਉਪਰ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਕਿਸੇ ਵੀ ਦੁਰਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ।

-ਵਿਜੇ ਕੁਮਾਰ


Harpreet SIngh

Content Editor

Related News