ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਮਾਰੀ ਸਾਢੇ 3 ਲੱਖ ਦੀ ਠੱਗੀ
Monday, Jul 01, 2024 - 10:08 AM (IST)
ਫਿਰੋਜ਼ਪੁਰ (ਖੁੱਲਰ, ਪਰਮਜੀਤ) : ਫਿਰੋਜ਼ਪੁਰ 'ਚ ਨੌਜਵਾਨ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਸਾਢੇ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਮਦੋਟ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜਸਪਾਲ ਚੰਦ ਨੇ ਦੱਸਿਆ ਕਿ ਇਕ ਦਰਖ਼ਾਸਤ ਨੰਬਰ 156 ਸੀ. ਪੀ. ਐੱਫ. ਐੱਸ. ਪੀ. ਐੱਲ. 7 ਮਾਰਚ 2023 ਵੱਲੋਂ ਮੋਹਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਮਦੋਟ ਉਤਾੜ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਮੌਸੂਲ ਹੋਈ ਸੀ ਕਿ ਉਸ ਦੇ ਪੁੱਤਰ ਸਾਹਿਸਲ ਨੇ ਸਾਲ 2019 ’ਚ 12ਵੀਂ ਪਾਸ ਕੀਤੀ ਸੀ।
ਉਸ ਨੇ ਪੰਜਾਬ ਪੁਲਸ ਦੀ ਅਸਾਮੀ ਲਈ ਭਰਤੀ ਹੋਣ ਲਈ 17 ਜੁਲਾਈ 2021 ਨੂੰ ਫਾਰਮ ਅਪਲਾਈ ਕੀਤਾ। ਇਸ ਦੌਰਾਨ ਹੀ ਉਸ ਦੀ ਜਾਣ-ਪਛਾਣ ਵਾਲੇ ਹਰਪ੍ਰੀਤ ਸਿੰਘ ਲਾਡੀ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਚੱਕ ਭੰਗੇਵਾਲਾ ਨੇ ਮੋਹਨ ਸਿੰਘ ਨੂੰ ਕਿਹਾ ਕਿ ਉਸ ਦੀ ਜਾਣ-ਪਛਾਣ ਜਸਵਿੰਦਰ ਸਿੰਘ ਕਿੱਲੀ ਪੁੱਤਰ ਲੁਕਾ ਸਿੰਘ ਵਾਸੀ ਅਰਾਈਆਂ ਵਾਲਾ ਖੁਰਦ ਜ਼ਿਲ੍ਹਾ ਫਰੀਦਕੋਟ ਨਾਲ ਹੈ ਅਤੇ ਉਸ ਦੇ ਪੁੱਤਰ ਨੂੰ ਪੰਜਾਬ ਪੁਲਸ ’ਚ ਨੌਕਰੀ ਲਈ 2 ਲੱਖ ਰੁਪਏ ਗੱਲ ਹੋਈ ਸੀ।
ਮੋਹਨ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਕਿੱਲੀ ਨੇ 3 ਲੱਖ 50 ਹਜ਼ਾਰ ਰੁਪਏ ਲੈ ਕੇ ਉਸ ਦੇ ਪੁੱਤਰ ਨੂੰ ਪੰਜਾਬ ਪੁਲਸ ’ਚ ਨਾ ਤਾਂ ਭਰਤੀ ਕਰਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।