ਰਾਸ਼ਟਰਪਤੀ ਨੇ 'ਪੈੱਕ' ਦੀ 52ਵੀਂ ਕਨਵੋਕੇਸ਼ਨ 'ਚ 12 ਵਿਦਿਆਰਥੀਆਂ ਨੂੰ ਦਿੱਤੇ ਗੋਲਡ ਮੈਡਲ
Monday, Oct 10, 2022 - 11:05 AM (IST)
ਚੰਡੀਗੜ੍ਹ(ਰਸ਼ਮੀ) : ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਦੀ 52ਵੀਂ ਕਨਵੋਕੇਸ਼ਨ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਿਰੱਕਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੀ ਮੌਜੂਦ ਸਨ। ਰਾਸ਼ਟਰਪਤੀ ਨੇ 12 ਵਿਦਿਆਰਥੀਆਂ ਨੂੰ ਸੋਨ ਤਮਗੇ ਦੇ ਕੇ ਸਨਮਾਨਿਤ ਕੀਤਾ। ਕਨਵੋਕੇਸ਼ਨ ਦੌਰਾਨ 669 ਬੀ. ਟੈੱਕ, 168 ਐੱਮ. ਟੈੱਕ ਅਤੇ 34 ਪੀ. ਐੱਚ. ਡੀ. ਦੀਆਂ ਡਿਗਰੀਆਂ ਵੰਡੀਆਂ ਗਈਆਂ। ‘ਪੈੱਕ’ ਦੇ ਸਾਬਕਾ ਵਿਦਿਆਰਥੀ ਧਰਮਪਾਲ, ਜੋ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਕੰਮ ਕਰਦੇ ਹਨ, ਨੂੰ ਆਪਣੀ ਪੀ. ਐੱਚ. ਡੀ. ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਲਰਟ ਜਾਰੀ, ਇਸ ਤਾਰੀਖ਼ ਤੱਕ ਪਵੇਗਾ ਭਾਰੀ ਮੀਂਹ
ਰਜਿੰਦਰ ਗੁਪਤਾ ਚੇਅਰਮੈਨ ਬੋਰਡ ਆਫ਼ ਗਵਰਨਰ ‘ਪੈੱਕ’ ਨੇ ਰਾਸ਼ਟਰਪਤੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਾਲ ਭੇਂਟ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਰਾਜਿੰਦਰ ਗੁਪਤਾ ਨੇ ਸ਼ਮ੍ਹਾ ਰੌਸ਼ਨ ਕਰ ਕੇ ਕਨਵੋਕੇਸ਼ਨ ਦਾ ਉਦਘਾਟਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਅਸੀਮਿਤ ਮੌਕਿਆਂ ਅਤੇ ਸੰਭਾਵਨਾਵਾਂ ਦੀ ਦੁਨੀਆ 'ਚ ਪੈਰ ਰੱਖ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਮੌਕਿਆਂ ਨੂੰ ਸਫ਼ਲਤਾ 'ਚ ਅਤੇ ਸੰਭਾਵਨਾਵਾਂ ਨੂੰ ਯਕੀਨ ’ਚ ਬਦਲਣ ਦੇ ਸਮਰੱਥ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਜ਼ਿੰਦਗੀ 'ਚ ਜੋ ਵੀ ਬਣਨਾ ਚਾਹੁੰਦੇ ਹਨ, ਮਾਂ ਭੂਮੀ ਪ੍ਰਤੀ ਆਪਣੇ ਫਰਜ਼ਾਂ ਨੂੰ ਕਦੇ ਨਾ ਭੁੱਲਣ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੱਕਾਰੀ ਸੰਸਥਾ 'ਚ ਪ੍ਰਾਪਤ ਗਿਆਨ ਨੂੰ ਮਨੁੱਖਤਾ ਦੀ ਸੇਵਾ 'ਚ ਵਰਤਣ।
ਇਹ ਵੀ ਪੜ੍ਹੋ : ਹੋਟਲ 'ਚ ਕੁੜੀਆਂ ਨਾਲ ਰੰਗਰਲੀਆਂ ਮਨਾਉਂਦਿਆਂ ਦੇ ਛੁੱਟੇ ਪਸੀਨੇ, ਪੁਲਸ ਨੇ ਰੰਗੇ ਹੱਥੀਂ ਕੀਤੇ ਕਾਬੂ
ਰਾਸ਼ਟਰਪਤੀ ਮੁਰਮੂ ਨੇ ਯੂ. ਟੀ. ਸਕੱਤਰੇਤ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਯੂ. ਟੀ. ਸਕੱਤਰੇਤ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ, ਸਲਾਹਕਾਰ ਧਰਮਪਾਲ ਅਤੇ ਮੇਅਰ ਸਰਬਜੀਤ ਕੌਰ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੈਕਟਰ-9 ਯੂ. ਟੀ. ਸਕੱਤਰੇਤ ਦੀ ਇਮਾਰਤ 'ਚ 15 ਮਿੰਟ ਰਹੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ ਅਕਾਲੀ ਦਲ, ਜਾਣੋ ਕਾਰਨ
ਇਸ ਤੋਂ ਇਲਾਵਾ ਕਿਸ਼ਨਗੜ੍ਹ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ, ਸਮਾਰਟ ਗਰਿੱਡ ਪ੍ਰਾਜੈਕਟ ਅਤੇ ਸੈਕਟਰ-39 ਸਥਿਤ ਵਾਟਰ ਵਰਕਸ 'ਚ ਦੋ ਮੈਗਾਵਾਟ ਦੇ ਤਿੰਨ ਹੋਰ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ। ਜਿਸ 'ਚ ਫਲੋਟਿੰਗ ਪਾਵਰ ਪਲਾਂਟ ਪ੍ਰਾਜੈਕਟ ਸ਼ਾਮਲ ਹਨ। ਉਦਘਾਟਨ ਤੋਂ ਬਾਅਦ ਰਾਸ਼ਟਰਪਤੀ ਨੇ ਇਮਾਰਤ 'ਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਲਾਹਕਾਰ ਧਰਮਪਾਲ ਅਤੇ ਮੁੱਖ ਇੰਜੀਨੀਅਰ ਸੀ. ਬੀ. ਓਝਾ ਨੇ ਰਾਸ਼ਟਰਪਤੀ ਨੂੰ ਇਮਾਰਤ ਦੀਆਂ ਖੂਬੀਆਂ ਸਬੰਧੀ ਜਾਣੂੰ ਕਰਵਾਇਆ। ਇਮਾਰਤ ਦੇਖਣ ਤੋਂ ਬਾਅਦ ਰਾਸ਼ਟਰਪਤੀ ਸੈਕਟਰ-12 ਸਥਿਤ ‘ਪੈੱਕ’ ਵਿਖੇ ਕਾਨਵੋਕੇਸ਼ਨ ਸਮਾਰੋਹ 'ਚ ਸ਼ਾਮਲ ਹੋਣ ਲਈ ਰਵਾਨਾ ਹੋਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ