ਮ੍ਰਿਤਕ ਪੈਦਾ ਹੋਇਆ ਬੱਚਾ, ਪਰਿਵਾਰ ਨੇ ਡਾਕਟਰਾਂ ''ਤੇ ਲਗਾਏ ਲਾਪਰਵਾਹੀ ਦੇ ਦੋਸ਼

07/10/2019 6:29:03 PM

ਰੂਪਨਗਰ (ਕੈਲਾਸ਼)— ਅੱਜ ਸਵੇਰੇ ਗਰਭਵਤੀ ਔਰਤ ਦਾ ਆਪਰੇਸ਼ਨ ਕਰਨ 'ਤੇ ਪੈਦਾ ਹੋਏ ਮ੍ਰਿਤਕ ਬੱਚੇ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਲਾਪਰਵਾਹੀ ਦੇ ਦੋਸ਼ ਲਗਾਏ। ਇਸ ਸਬੰਧੀ ਇਕ ਸ਼ਿਕਾਇਤ ਸਿਵਲ ਸਰਜਨ ਰੂਪਨਗਰ ਨੂੰ ਵੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਮੁਹੱਲਾ ਛੋਟਾ ਖੇੜਾ ਰੂਪਨਗਰ ਨਿਵਾਸੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਨੀਤੂ ਨੂੰ ਬੀਤੇ ਦਿਨ 9 ਜੁਲਾਈ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ 'ਚ ਲਿਆਂਦਾ ਗਿਆ ਸੀ ਪਰ ਸਬੰਧਤ ਸਟਾਫ ਵੱਲੋਂ ਉਸ ਨੂੰ ਇਕ ਇਨਜੈਕਸ਼ਨ ਲਗਾਉਣ ਤੋਂ ਬਾਅਦ ਇਹ ਕਹਿ ਕੇ ਉਸ ਨੂੰ ਪ੍ਰਸੂਤਾ ਲਈ ਕਰੀਬ ਚਾਰ-ਪੰਜ ਦਿਨ ਹੋਰ ਲੱਗ ਜਾਣਗੇ ਘਰ ਭੇਜ ਦਿੱਤਾ ਗਿਆ। ਪਰ ਕਰੀਬ ਤਿੰਨ ਘੰਟਿਆਂ ਬਾਅਦ ਹੀ ਜਦੋਂ ਅੱਜ ਸਵੇਰੇ ਉਸ ਨੂੰ 2 ਵਜੇ ਤੇਜ਼ ਦਰਦ ਸ਼ੁਰੂ ਹੋ ਗਿਆ ਤਾਂ ਉਸ ਨੂੰ ਦੋਬਾਰਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਦਾਖਲ ਕੀਤਾ ਗਿਆ ਪਰ ਉਸ ਸਮੇਂ ਇਕ ਨਰਸ ਦੇ ਇਲਾਵਾ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਕਰੀਬ 8.15 ਮਿੰਟ 'ਤੇ ਹਸਪਤਾਲ ਦੀ ਮਹਿਲਾ ਡਾਕਟਰ ਆਈ ਅਤੇ ਉਸ ਨੇ ਪਹਿਲਾਂ ਕਿਹਾ ਕਿ ਕੇਸ ਨਾਰਮਲ ਹੈ ਅਤੇ ਬੱਚੇ ਦੀ ਧੜਕਣ ਬਿਲਕੁਲ ਠੀਕ ਹੈ ਪਰ ਕੁਝ ਸਮੇਂ ਬਾਅਦ ਡਾਕਟਰ ਵੱਲੋਂ ਇਹ ਕਿਹਾ ਗਿਆ ਕਿ ਸਿਜੇਰੀਅਨ ਆਪਰੇਸ਼ਨ ਕਰਨਾ ਪਵੇਗਾ ਪਰ ਆਪਰੇਸ਼ਨ ਤੋਂ ਬਾਅਦ ਉਸ ਨੂੰ ਮ੍ਰਿਤਕ ਬੱਚਾ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਡਾਕਟਰ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਅਤੇ ਉਸ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਨੀਤੂ ਦੀ ਮਾਤਾ ਸ਼ਾਂਤੀ ਦੇਵੀ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।

PunjabKesari
'ਅਸੀਂ ਤਾਂ ਸੁਣਿਆ ਸੀ ਕਿ ਸਰਕਾਰੀ ਹਸਪਤਾਲ 'ਚ ਇਲਾਜ ਵਧੀਆ ਹੁੰਦੈ'
ਇਸ ਮੌਕੇ ਮ੍ਰਿਤਕ ਬੱਚੇ ਦੀ ਨਾਨੀ ਸ਼ਾਂਤੀ ਦੇਵੀ ਅਤੇ ਨਾਨਾ ਜਗਦੀਸ਼ ਕੁਮਾਰ ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਬਾਲ ਸੀ, ਨੇ ਕਿਹਾ ਕਿ ਉਹ ਸਰਕਾਰੀ ਹਸਪਤਾਲ 'ਚ ਆਪਣੀ ਬੇਟੀ ਨੂੰ ਇਸ ਲਈ ਲੈ ਕੇ ਆਏ ਸਨ ਕਿਉਂਕਿ ਸਰਕਾਰ ਰੇਡੀਓ ਅਤੇ ਟੈਲੀਵਿਜ਼ਨ 'ਤੇ ਸਰਕਾਰੀ ਹਸਪਤਾਲਾਂ 'ਚ ਵਧੇਰੇ ਸੁਵਿਧਾਵਾਂ ਦੇਣ ਬਾਰੇ ਦੱਸਦੀ ਹੈ ਅਤੇ ਸਰਕਾਰ ਗਰੀਬਾਂ ਲਈ ਕਈ ਤਰ੍ਹਾਂ ਦੇ ਆਰਥਿਕ ਲਾਭ ਦੇ ਰਹੀ ਹੈ ਪਰ ਸਾਨੂੰ ਕੀ ਪਤਾ ਸੀ ਕਿ ਹਸਪਤਾਲ 'ਚ ਇੰਨੀ ਜ਼ਿਆਦਾ ਲਾਪਰਵਾਹੀ ਹੋਵੇਗੀ ਕਿ ਉਨ੍ਹਾਂ ਦੇ ਘਰ 'ਚ ਮ੍ਰਿਤਕ ਬੱਚਾ ਆਵੇਗਾ। ਉਨ੍ਹਾਂ ਸਬੰਧਤ ਡਾਕਟਰ ਅਤੇ ਕਰਮਚਾਰੀਆਂ ਨੂੰ ਕੋਸਦੇ ਕਿਹਾ ਕਿ 'ਅਸੀਂ ਤਾਂ ਸੁਣਿਆ ਸੀ ਕਿ ਸਰਕਾਰੀ ਹਸਪਤਾਲ 'ਚ ਇਲਾਜ ਵਧੀਆ ਹੁੰਦੈ ਪਰ ਇਥੇ ਤਾਂ ਬੁਰਾ ਹਾਲ ਏ।
ਕਾਰਵਾਈ ਨਾ ਹੋਈ ਤਾਂ ਲਗਾਵਾਂਗੇ ਧਰਨਾ
ਇਸ ਮੌਕੇ ਮੌਜੂਦ ਭਾਜਪਾ ਨੇਤਾ ਅਤੇ ਜ਼ਿਲਾ ਮੁਖੀ ਮੈਂਬਰ ਅਭਿਆਨ ਰੂਪਨਗਰ ਜਸਪ੍ਰੀਤ ਸਿੰਘ ਉਰਫ ਜੱਸਾ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜ਼ਿਲਾ ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਨੂੰ ਇਕ ਸ਼ਿਕਾਇਤ ਦਿੱਤੀ ਅਤੇ ਮੰਗ ਕੀਤੀ ਕਿ ਸਬੰਧਤ ਡਾਕਟਰ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਲੋਕਾਂ ਨਾਲ ਮਿਲ ਕੇ ਧਰਨਾ ਲਾਉਣਗੇ। ਇਸ ਮੌਕੇ ਕੁਝ ਸਮਾਜ ਸੇਵੀ ਵੀ ਮੌਜਦੂ ਸਨ।
ਕੀ ਕਹਿੰਦੇ ਨੇ ਸਿਵਲ ਸਰਜਨ
ਇਸ ਸਬੰਧ 'ਚ ਜਦੋਂ ਜ਼ਿਲਾ ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਕਤ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਵੀ ਡਾਕਟਰ ਜਾਂ ਕਰਮਚਾਰੀ ਦੀ ਲਾਪਰਵਾਹੀ ਨਜ਼ਰ ਆਈ ਉਸ 'ਤੇ ਸਖਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜੋ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ ਉਸ 'ਚ 2 ਵੱਖ-ਵੱਖ ਦੋਸ਼ ਹਨ।


shivani attri

Content Editor

Related News