9 ਮਹੀਨੇ ਦੀ ਗਰਭਵਤੀ 'ਤੇ ਸਹੁਰੇ ਪਰਿਵਾਰ ਨੇ ਢਾਏ ਤਸ਼ੱਦਦ, ਮਾਂ ਤੇ ਬੱਚੇ ਦੀ ਮੌਤ

08/10/2018 11:18:29 AM

ਬਠਿੰਡਾ— ਬਠਿੰਡਾ ਵਿਚ ਦਾਜ ਦੇ ਲਾਲਚੀਆਂ ਵਲੋਂ 9 ਮਹੀਨੇ ਦੀ ਗਰਭਵਤੀ ਨੂੰ ਤੜਫਾ-ਤੜਫਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦਿਨਾਂ ਬਾਅਦ ਉਸ ਦੀ ਡਿਲਿਵਰੀ ਹੋਣ ਵਾਲੀ ਸੀ ਅਤੇ ਸਹੁਰਾ ਪਰਿਵਾਰ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਬਦਲੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਅਚਾਨਕ ਹੀ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਅਤੇ ਦਰਦ ਨਾਲ ਤੜਫ-ਤੜਫ ਕੇ ਉਸ ਦੀ ਮੌਤ ਹੋ ਗਈ। ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਸ ਨੇ ਇਸ ਮਾਮਲੇ ਵਿਚ ਸਹੁਰੇ ਪਰਿਵਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੀੜਤ ਪਰਿਵਾਰ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਅੱਗੇ ਨੈਸ਼ਨਲ ਹਾਈਵੇਅ 'ਤੇ ਰੱਖ ਕੇ 2 ਘੰਟੇ ਪੁਲਸ ਵਿਰੁੱਧ ਪ੍ਰਦਰਸ਼ਨ ਕੀਤਾ। ਮੌਕੇ 'ਤੇ ਥਾਣਾ ਸਦਰ ਪੁਲਸ ਦੇ ਐੱਸ.ਐੱਚ.ਓ. ਇਕਬਾਲ ਸਿੰਘ, ਕੋਤਵਾਲੀ ਇੰਚਾਰਜ ਦਵਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਨ ਦਿ ਸਪਾਟ ਕੇਸ ਦਰਜ ਕਰਨ 'ਤੇ ਅੜੇ ਰਹੇ। ਇਸ ਦੌਰਾਨ ਐੱਸ.ਪੀ. ਸਿਟੀ ਗੁਰਮੀਤ ਸਿੰਘ ਨੇ ਪਰਿਵਾਰ ਨੂੰ ਸੁਣਨ ਤੋਂ ਬਾਅਦ ਮੌਕੇ 'ਤੇ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ। ਪੁਲਸ ਨੇ ਮ੍ਰਿਤਕਾ ਦੇ ਮਾਮਾ ਜਸਵੀਰ ਸਿੰਘ ਦੇ ਬਿਆਨ 'ਤੇ ਦੋਸ਼ੀ ਪਤੀ ਹਰਜਿੰਦਰ ਸਿੰਘ, ਜੇਠ ਰਾਜੂ, ਜੇਠਾਣੀ ਵੀਰਪਾਲ ਕੌਰ ਅਤੇ ਸੱਸ ਗੁਰਮੀਤ ਕੌਰ ਵਿਰੁੱਧ ਦਾਜ ਅਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਜਾਮ ਖੋਲ੍ਹ ਦਿੱਤਾ।

ਬੇਅੰਤ ਕੌਰ ਦੇ ਮਾਮਾ ਜਸਵੀਰ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਭਾਣਜੀ ਦੇ ਵਿਆਹ ਵਿਚ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਖਰਚ ਕੀਤਾ ਸੀ। ਬਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਬੇਅੰਤ ਕੌਰ ਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ ਸਨ। ਜਸਵੀਰ ਸਿੰਘ ਨੇ ਦੱਸਿਆ ਕਿ ਬੇਅੰਤ ਕੌਰ 9 ਮਹੀਨੇ ਦੀ ਗਰਭਵਤੀ ਸੀ। ਉਸ ਦੀ ਕੁਝ ਦਿਨਾਂ ਬਾਅਦ ਡਿਲਿਵਰੀ ਸੀ। 2 ਦਿਨ ਪਹਿਲਾਂ ਹੀ ਉਸ ਦਾ ਭਾਣਜਾ ਗੁਰਮੀਤ ਸਿੰਘ ਬੇਅੰਤ ਕੌਰ ਨੂੰ ਮਿਲਣ ਲਈ ਗਿਆ ਸੀ ਤਾਂ ਪਤਾ ਲੱਗਾ ਕਿ ਉਸ ਦੀ ਹਾਲਤ ਠੀਕ ਨਹੀਂ। ਉਨ੍ਹਾਂ ਨੇ ਸਹੁਰੇ ਪਰਿਵਾਰ ਨੂੰ ਉਸ ਦਾ ਇਲਾਜ ਕਰਵਾਉਣ ਨੂੰ ਕਿਹਾ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ 2 ਲੱਖ ਰੁਪਏ ਲਿਆਓਗੇ ਤਾਂ ਹੀ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਵਾਂਗੇ। ਇਸ ਦੌਰਾਨ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਭਾਣਜੀ ਦਾ ਇਲਾਜ ਨਾ ਕਰਵਾਉਣ ਕਾਰਨ ਦਰਦ ਨਾਲ ਤੜਫ-ਤੜਫ ਕੇ ਉਸ ਦੀ ਅਤੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ।


Related News