MP ਪ੍ਰਨੀਤ ਕੌਰ ਨੇ ਘੇਰੀ ‘ਆਪ’ ਸਰਕਾਰ, ਕਿਹਾ-ਬਦਲਾਖੋਰੀ ਦੀ ਸਿਆਸਤ ਨਿੰਦਣਯੋਗ
Friday, Sep 09, 2022 - 05:45 PM (IST)
ਪਟਿਆਲਾ (ਬਿਊਰੋ) : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੀ ਦੁਕਾਨ ’ਤੇ ਕੀਤੀ ਗਈ ਚੋਣਵੀਂ ਅਤੇ ਸਿਆਸਤ ਪ੍ਰੇਰਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਕਾਰਵਾਈ ਦੀ ਨਿੰਦਾ ਕਰਦਿਆਂ ਪ੍ਰਨੀਤ ਕੌਰ ਨੇ ਇਥੇ ਇਕ ਬਿਆਨ ’ਚ ਕਿਹਾ, ‘‘ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਦੀ ਸਿਆਸਤ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਮੈਂ ਇਸ ਦੀ ਸਖ਼ਤ ਨਿਖੇਧੀ ਕਰਦੀ ਹਾਂ। ਮਾਲ ਰਿਕਾਰਡ ਅਨੁਸਾਰ ਉਕਤ ਵਿਵਾਦਿਤ ਡੇਰੇ ਦੀ ਜ਼ਮੀਨ ’ਤੇ 156 ਦੇ ਕਰੀਬ ਜਾਇਦਾਦਾਂ ਹਨ ਅਤੇ ਸਿਰਫ਼ ਆਪਣੇ ਨਵੇਂ ਮਾਲਕਾਂ ਨੂੰ ਖੁਸ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਪੂਰੇ ਸ਼ਹਿਰ ’ਚ ਸਿਰਫ਼ ਇਕ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ।’’
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ
ਉਨ੍ਹਾਂ ਨੇ ਅੱਗੇ ਕਿਹਾ, ‘‘ਜੇ ਪ੍ਰਸ਼ਾਸਨ ਨੇ ਨਿਰਪੱਖ ਕਾਰਵਾਈ ਕਰਨੀ ਸੀ ਤਾਂ ਇਹ ਸਿਰਫ਼ ਸਾਡੇ ਕੌਂਸਲਰ ਨੂੰ ਕੱਢਣ ਦੀ ਬਜਾਏ ਸਾਰੀਆਂ 156 ਜਾਇਦਾਦਾਂ ’ਤੇ ਕੀਤੀ ਜਾਣੀ ਚਾਹੀਦੀ ਸੀ।’’ ਪ੍ਰਨੀਤ ਕੌਰ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗ਼ੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ, ‘‘ਜਿਸ ਕਾਹਲੀ ’ਚ ਇਹ ਸਭ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਬੀਤੀ ਰਾਤ ਇਕ ਆਰਡਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਦੁਕਾਨ ਦੇ ਮਾਲਕ ਨੂੰ ਆਪਣਾ ਪੱਖ ਦੱਸਣ ਜਾਂ ਅਦਾਲਤ ਦਾ ਰਸਤਾ ਅਪਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਵਾਰ-ਵਾਰ ਬੇਨਤੀ ਕਰਨ ’ਤੇ ਵੀ ਮਾਲਕ ਨੂੰ ਦੁਕਾਨ ਤੋਂ ਆਪਣਾ ਸਾਮਾਨ ਨਹੀਂ ਕੱਢਣ ਦਿੱਤਾ ਗਿਆ ਅਤੇ ਸਾਰਾ ਕੁਝ ਕੂੜੇ ਵਾਂਗ ਸੜਕਾਂ ’ਤੇ ਸੁੱਟ ਦਿੱਤਾ ਗਿਆ।’’ ਉਨ੍ਹਾਂ ਭਗਵੰਤ ਮਾਨ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਬੇਨਤੀ ਕਰਦਿਆਂ ਕਿਹਾ, ‘‘ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਦੇਖਣ ਕਿਉਂਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦੇ ਨਹੀਂ ਸਗੋਂ ਹਰੇਕ ਵਿਅਕਤੀ ਦੇ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਇਸ ਬਦਲਾਖੋਰੀ ਦੀ ਕਾਰਵਾਈ ਤੋਂ ਬਚਣ ਲਈ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕਰਨ ਦੀ ਅਪੀਲ ਕਰਦੀ ਹਾਂ।’’
ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ