ਪੰਜਾਬ ਵਿਚ ਵਿੱਤੀ ਐਮਰਜੰਸੀ ਦਾ ਖ਼ਤਰਾ! ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਮਾਨ ਸਰਕਾਰ
Tuesday, Jan 20, 2026 - 05:58 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਮੌਜੂਦਾ ਵਿੱਤੀ ਅਤੇ ਕਾਨੂੰਨੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਅਕਾਲੀ ਆਗੂ ਐੱਨ.ਕੇ. ਸ਼ਰਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸੂਬੇ ਵਿਚ ਕਿਸੇ ਵੀ ਸਮੇਂ ਵਿੱਤੀ ਐਮਰਜੰਸੀ ਲੱਗ ਸਕਦੀ ਹੈ।
ਕਰਜ਼ੇ ਦੀ ਪੰਡ ਹੋਈ ਭਾਰੀ
ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ ਸਾਢੇ ਚਾਰ ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ ਅਤੇ ਇਸ ਸਰਕਾਰ ਦੇ ਜਾਣ ਤੱਕ ਇਹ ਪੰਜ ਲੱਖ ਕਰੋੜ ਨੂੰ ਪਾਰ ਕਰ ਸਕਦਾ ਹੈ। ਆਗੂ ਨੇ ਦੱਸਿਆ ਕਿ ਪਹਿਲਾਂ Debt to GDP ratio 29-31% ਦੇ ਕਰੀਬ ਸੀ, ਜੋ ਹੁਣ ਵਧ ਕੇ 48-49% ਹੋ ਗਈ ਹੈ। ਇਹ ਵੀ ਦੋਸ਼ ਲਾਇਆ ਗਿਆ ਕਿ ਸਰਕਾਰ ਨੇ GMADA ਤੋਂ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਖ਼ਰਚ ਦਿੱਤਾ ਹੈ ਅਤੇ RBI ਆਰ.ਬੀ.ਆਈ. ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਉਦਯੋਗ ਅਤੇ ਸੈਰ-ਸਪਾਟੇ ਦਾ ਨਿਘਾਰ
ਪੰਜਾਬ ਦੇ ਐਕਸਪੋਰਟ (ਨਿਰਯਾਤ) ਵਿਚ 60% ਦੀ ਗਿਰਾਵਟ ਆਈ ਹੈ, ਜੋ 5700 ਮਿਲੀਅਨ ਡਾਲਰ ਤੋਂ ਘਟ ਕੇ 1800 ਮਿਲੀਅਨ ਡਾਲਰ ਰਹਿ ਗਿਆ ਹੈ। ਇਸੇ ਤਰ੍ਹਾਂ, ਪੰਜਾਬ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 11 ਲੱਖ ਤੋਂ ਘਟ ਕੇ ਸਿਰਫ 5.42 ਲੱਖ ਰਹਿ ਗਈ ਹੈ। ਆਗੂ ਨੇ ਦੋਸ਼ ਲਾਇਆ ਕਿ ਵਪਾਰੀਆਂ ਤੋਂ ਗੈਂਗਸਟਰਾਂ ਦੇ ਨਾਲ-ਨਾਲ ਹੁਣ ਸਰਕਾਰ ਵੀ 'ਫਰੌਤੀ' ਮੰਗ ਰਹੀ ਹੈ, ਜਿਸ ਵਿਚ ਈ.ਟੀ.ਓਜ਼ (ETOs) ਨੂੰ ਹਰ ਮਹੀਨੇ ਛਾਪੇ ਮਾਰ ਕੇ ਭਾਰੀ ਜੁਰਮਾਨੇ ਕਰਨ ਦੇ ਟਾਰਗੇਟ ਦਿੱਤੇ ਗਏ ਹਨ।
ਜਨਤਕ ਸਕੀਮਾਂ ਅਤੇ ਮੁਲਾਜ਼ਮਾਂ ਦੀ ਹਾਲਤ
ਪੰਜਾਬ ਦੇ ਮੁਲਾਜ਼ਮਾਂ ਨੂੰ 16% ਡੀ.ਏ. (DA) ਅਤੇ ਟੀ.ਏ. (TA) ਨਹੀਂ ਮਿਲ ਰਿਹਾ ਅਤੇ ਆਉਣ ਵਾਲੇ ਸਮੇਂ ਵਿਚ ਤਨਖਾਹਾਂ ਦੇਣ ਵਿਚ ਵੀ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ, ਆਟਾ-ਦਾਲ ਸਕੀਮ ਲੜਕੀਆਂ ਨੂੰ ਸਾਈਕਲ ਦੇਣ ਵਰਗੀਆਂ ਜਨਤਕ ਸਕੀਮਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ, ਜਦਕਿ ਸ਼ਗਨ ਸਕੀਮ ਤੇ ਐੱਸ.ਸੀ. ਸਕਾਲਰਸ਼ਿਪ ਵਰਗੀਆਂ ਸਕੀਮਾਂ ਲਈ ਪੈਸੇ ਜਾਰੀ ਨਹੀਂ ਕੀਤੇ ਜਾ ਰਹੇ।
ਕਾਨੂੰਨ ਵਿਵਸਥਾ ਅਤੇ ਧਾਰਮਿਕ ਮੁੱਦੇ
ਐੱਨ. ਕੇ. ਸ਼ਰਮਾ ਨੇ ਸੂਬੇ ਵਿਚ ਵਧ ਰਹੀ ਗੈਂਗਵਾਰ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਗਿਆ ਕਿ ਰੋਜ਼ਾਨਾ ਕਤਲ ਅਤੇ ਫਰੌਤੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੇ ਨਾਲ ਹੀ, ਰਾਜਾ ਸਾਹਿਬ ਵਿਖੇ ਪੁਲਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੈਕਿੰਗ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸਿਆ ਗਿਆ।
