ਸਾਵਧਾਨ! ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ, PM ਕਿਸਾਨ ਸਮਰਿੱਧੀ ਕੇਂਦਰ ਖੋਲ੍ਹਣ ਦੇ ਨਾਂ ’ਤੇ ਸ਼ਖ਼ਸ ਨਾਲ ਹੋਇਆ ਕਾਂਡ
Thursday, Mar 28, 2024 - 03:56 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਕੇਂਦਰ ਖੋਲ੍ਹਣ ਦੇ ਨਾਂ ’ਤੇ ਇਕ ਵਿਅਕਤੀ 33 ਲੱਖ ਤੋਂ ਵੱਧ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਉਕਤ ਵਿਅਕਤੀ ਵੱਲੋਂ ਇਕ ਸਤੰਬਰ 2023 ਨੂੰ ਐੱਸ. ਐੱਸ. ਪੀ. ਸਾਈਬਰ ਕ੍ਰਾਈਮ ਮੋਹਾਲੀ ਨੂੰ ਆਪਣੇ ਨਾਲ ਹੋਈ ਆਨਲਾਈਨ ਠੱਗੀ ਦਾ ਸਾਰਾ ਵੇਰਵਾ ਇਕ ਦਰਖ਼ਾਸਤ ਵਿਚ ਲਿਖ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦੇ ਪੈਸੇ ਵਾਪਸ ਦੁਆਉਣ ਦੀ ਮੰਗ ਕੀਤੀ ਗਈ ਸੀ। ਸੀਨੀਅਰ ਪੁਲਸ ਕਪਤਾਨ ਰੂਪਨਗਰ ਵੱਲੋਂ ਇਹ ਦਰਖ਼ਾਸਤ ਜਾਂਚ ਕਰਨ ਲਈ ਆਈ/ਸੀ ਸਾਈਬਰ ਸੈੱਲ ਜ਼ਿਲ੍ਹਾ ਰੂਪਨਗਰ ਨੂੰ ਮਾਰਕ ਕੀਤੀ ਗਈ ਸੀ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਰਾਜਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਪਿੰਡ ਦੇਹਣੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਦਿੱਤੀ ਦਰਖ਼ਾਸਤ ਦੇ ਆਧਾਰ ’ਤੇ ਉਸ ਨਾਲ 33 ਲੱਖ ਰੁਪਏ ਤੋਂ ਵੱਧ ਆਨਲਾਈਨ ਠੱਗੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 25 ਮਾਰਚ 2024 ਨੂੰ ਮੁਕੱਦਮਾ ਨੰਬਰ 14 ਧਾਰਾ 419, 420 ਅਤੇ 60 ਡੀ ਇਨਫਰਮੇਸ਼ਨ ਟੈਕਨੋਲਜੀ ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸ. ਜਤਿਨ ਕਪੂਰ ਨੇ ਦੱਸਿਆ ਕਿ ਮੈਸ ਹਰਸ਼ ਫਰਟੀਲਾਈਜ਼ਰ ਸਟੋਰ ਪਿੰਡ ਦੇਹਣੀ ਦਾ ਰਾਜਿੰਦਰ ਸਿੰਘ ਪ੍ਰੋਪਰਾਈਟਰ ਹੈ। 26 ਜੁਲਾਈ 2023 ਨੂੰ ਉਸ ਨੇ ਜਲੰਧਰੋਂ ਛਪਦੀ ਇਕ ਪੰਜਾਬੀ ਅਖ਼ਬਾਰ (ਜਗ ਬਾਣੀ ਨਹੀਂ) ਵਿਚ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਕੇਂਦਰ ਖੋਲ੍ਹਣ ਬਾਰੇ ਇਸ਼ਤਿਹਾਰ ਵੇਖਿਆ ਅਤੇ ਉਸ ਨੇ ਇਸ ਬਾਰੇ 27 ਜੁਲਾਈ 2023 ਨੂੰ ਫਰਟੀਲਾਈਜ਼ਰ ਡੀਲਰਸ਼ਿਪ ਇਨਫੋ ਤੇ ਆਨਲਾਈਨ ਅਪਲਾਈ ਕਰ ਦਿੱਤਾ। ਉਸ ਤੋਂ ਬਾਅਦ 9 ਅਗਸਤ 2023 ਨੂੰ ਉਸ ਨੂੰ ਫੋਨ ਆਉਂਦਾ ਹੈ ਕਿ ਤੁਸੀਂ ਫਰਟੀਲਾਈਜ਼ਰ ਡੀਲਰਸ਼ਿਪ ਲਈ ਫਾਰਮ ਭਰੇ ਸੀ ਤੇ ਤੁਹਾਡਾ ਨਾਮ ਆ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਰਾਜਿੰਦਰ ਸਿੰਘ ਤੋਂ ਆਨਲਾਈਨ ਫਾਰਮ ਵੀ ਭਰਵਾ ਲਏ।
ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਉਸ ਤੋਂ ਬਾਅਦ ਉਨ੍ਹਾਂ ਨੇ ਐੱਨ. ਐੱਫ਼. ਐੱਲ. ਦਾ ਨਾਂ ਲੈ ਕੇ ਇਕ ਲੱਖ ਰੁਪਏ ਸਕਿਓਰਟੀ ਫੀਸ ਭਰਨ ਲਈ ਕਿਹਾ ਜਿਸ ਤੋਂ ਬਾਅਦ ਰਾਜਿੰਦਰ ਸਿੰਘ ਨੇ ਆਪਣੀ ਫਾਰਮ ਹਰਸ਼ ਫਰਟੀਲਾਈਜ਼ਰ ਸਟੋਰ ਦੇ ਖ਼ਾਤੇ ਤੋਂ ਉਨ੍ਹਾਂ ਵੱਲੋਂ ਦਿੱਤੇ ਗਏ। ਬੈਂਕ ਖ਼ਾਤੇ ਵਿਚ ਇਕ ਲੱਖ ਤੋਂ ਵੱਧ ਰਾਸ਼ੀ ਦੀ ਪੇਮੈਂਟ ਕਰ ਦਿੱਤੀ । ਉਨ੍ਹਾਂ ਨੇ ਇਸ ਬਾਰੇ ਰਾਜਿੰਦਰ ਸਿੰਘ ਦੀ ਆਈ .ਡੀ. ਅਤੇ ਰਸੀਦ ਵੀ ਭੇਜ ਦਿੱਤੀ, ਜਿਸ ਤੋਂ ਬਾਅਦ ਰਾਜਿੰਦਰ ਸਿੰਘ ਨੂੰ ਇਨ੍ਹਾਂ ਉਪਰ ਹੋਰ ਵਿਸ਼ਵਾਸ ਵੱਧ ਗਿਆ। ਇਸ ਤੋਂ ਬਾਅਦ ਉਕਤ ਆਨਲਾਈਨ ਠੱਗੀ ਕਰਨ ਵਾਲਿਆਂ ਨੇ ਹੋਰ ਬੈਂਕ ਖ਼ਾਤਾ ਭੇਜ ਕੇ ਉਸ ਵਿਚ ਐਗਰੀਮੈਂਟ ਦੀ ਫੀਸ ਦੇ ਲਈ 4,55,423.60 ਲੱਖ ਰੁਪਏ ਜਮ੍ਹਾਂ ਕਰਵਾ ਲਏ। ਉਸ ਤੋਂ ਬਾਅਦ ਅਗਲੇ ਦਿਨ 11 ਅਗਸਤ 2023 ਨੂੰ ਇਨ੍ਹਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਫ਼ੀਸ ਜਮ੍ਹਾਂ ਹੋ ਗਈ ਹੈ ਤੁਸੀਂ ਡਿਸਟਰੀਬਿਊਟਰ ਬਣ ਗਏ ਹੋ। ਉਸ ਤੋਂ ਬਾਅਦ ਉਹ ਰਾਜਿੰਦਰ ਸਿੰਘ ਨੂੰ 18,01,580 ਲੱਖ ਦੀ ਪੇਮੈਂਟ ਕਰਨ ਲਈ ਕਹਿੰਦੇ ਹਨ ਅਤੇ ਦੱਸਦੇ ਹਨ ਕਿ ਇਹ ਪੇਮੈਂਟ ਐੱਨ. ਐੱਫ਼. ਐੱਲ. ਦੇ ਵੱਖ-ਵੱਖ ਪਲਾਟਾਂ ਨੂੰ ਜਾਣੀ ਹੈ। ਉਨ੍ਹਾਂ ਨੇ ਹੋਰ ਬੈਂਕ ਖਾਤੇ ਨੰਬਰ ਵੀ ਰਾਜਿੰਦਰ ਸਿੰਘ ਨੂੰ ਭੇਜ ਦਿੱਤੇ ਜਿਸ ਤੋਂ ਬਾਅਦ ਰਾਜਿੰਦਰ ਸਿੰਘ ਵਲੋਂ ਦੋ ਬੈਂਕ ਖਾਤਿਆਂ ਵਿਚ 10 ਲੱਖ ਤੋਂ ਵੱਧ ਪੇਮੈਂਟ ਭੇਜ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਵਲੋਂ ਰਾਜਿੰਦਰ ਸਿੰਘ ਦੀ ਫਰਮ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿਚ ਵੱਖ-ਵੱਖ ਤਰੀਕਿਆਂ ਰਾਹੀਂ ਕੁੱਲ 33,37,149.92 ਲੱਖ ਰੁਪਏ ਦੀ ਰਾਸ਼ੀ ਆਨਲਾਈਨ ਜਮ੍ਹਾਂ ਕਰਵਾ ਲਈ ਗਈ। 16 ਅਗਸਤ 2023 ਨੂੰ ਜਦੋਂ ਰਾਜਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਲ ਭੇਜਣ ਲਈ ਕਿਹਾ ਤਾਂ ਉਹ ਆਨਾਕਾਨੀ ਕਰਨ ਲੱਗ ਪਏ, ਰਾਜਿੰਦਰ ਸਿੰਘ ਨੂੰ ਉਨ੍ਹਾਂ ’ਤੇ ਸ਼ੱਕ ਹੋਣ ’ਤੇ ਉਸ ਨੇ ਬੈਂਕ ਜਾ ਕੇ ਉਨ੍ਹਾਂ ਖਾਤਿਆਂ ਬਾਰੇ ਪੁੱਛਿਆ ਜਿਨ੍ਹਾਂ ਵਿਚ ਉਹ ਪੈਸੇ ਪਾਉਂਦਾ ਸੀ, ਬੈਂਕ ਵਾਲਿਆਂ ਨੇ ਦੱਸਿਆ ਕਿ ਇਹ ਖਾਤਾ ਤਾਂ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦਾ ਨਹੀਂ ਹੈ।
ਇਸ ਤਰ੍ਹਾਂ ਰਾਜਿੰਦਰ ਸਿੰਘ ਨਾਲ ਕੁੱਲ 33,37,149.92 ਲੱਖ ਰੁਪਏ ਦੀ ਆਨਲਾਈਨ ਠੱਗੀ ਹੋ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ’ਤੇ ਸਾਈਬਰ ਸੈਲ ਦੁਆਰਾ ਠੱਗੀ ਲਈ ਵਰਤੇ ਗਏ ਬੈਂਕ ਖਾਤਿਆਂ ਦੀ ਮਲਕੀਅਤੀ ਅਤੇ ਹੋਰ ਸਬੰਧਿਤ ਜਾਣਕਾਰੀ ਲੈਣ ਲਈ ਪੱਤਰ ਜੇਰ ਧਾਰਾ 91 ਸੀ. ਆਰ. ਪੀ. ਸੀ. ਤਹਿਤ ਨੋਡਲ ਫੈੱਡਰਲ ਬੈਂਕ, ਨੋਡਲ ਐੱਚ. ਡੀ. ਐੱਫ਼. ਸੀ. ਬੈਂਕ,ਨੋਡਲ ਮਹਾਂਰਾਸ਼ਟਰਾ ਬੈਂਕ ਨੂੰ ਵੱਖ-ਵੱਖ ਪੱਤਰ ਨੰਬਰ ਲਗਾ ਕੇ ਈ ਮੇਲ ਭੇਜੇ ਗਏ। ਜਿਸ ਦਾ ਜਵਾਬ ਆਉਣ ’ਤੇ ਇਨ੍ਹਾਂ ਨੂੰ ਵਾਚਿਆ ਗਿਆ।
ਇਹ ਵੀ ਪੜ੍ਹੋ: MP ਸੁਸ਼ੀਲ ਰਿੰਕੂ ਤੇ MLA ਅੰਗੁਰਾਲ ਦੇ ਪਾਰਟੀ ਛੱਡਣ ਨਾਲ 'ਆਪ' ਦੀ ਹੋਂਦ ਡਗਮਗਾਈ, BJP ਨੂੰ ਕਈ ਸੀਟਾਂ ’ਤੇ ਮਿਲੇਗਾ ਲਾਭ
ਫੈੱਡਰਲ ਬੈਂਕ ਨਾਲ ਸਬੰਧਤ ਖ਼ਾਤਾ ਨੰਬਰ ਦੀ ਕੇ. ਵਾਈ. ਸੀ. ਡਿਟੇਲ ਨੂੰ ਵਾਚਣ ’ਤੇ ਇਹ ਖ਼ਾਤਾ ਬਰਸ਼ਾ ਸ਼ਾਵ ਪੁੱਤਰੀ ਸੰਕਰ ਸ਼ਾਵ ਵਾਸੀ ਕੇ ਆਰ ਬੋਸ ਰੋਡ ਵਰਧਮਾਨ ਬੈੱਸਟ ਬੰਗਾਲ ਦੇ ਨਾਮ ’ਤੇ ਰਜਿਸਟਰਡ ਹੈ। ਇਸ ਖ਼ਾਤੇ ਵਿਚ ਵੱਖ-ਵੱਖ ਮਿਤੀਆਂ ਨੂੰ ਵੱਖ-ਵੱਖ ਰਾਸ਼ੀਆਂ ਹਰਸ਼ ਫਰਟੀਲਾਈਜ਼ਰ ਦੇ ਬੈਂਕ ਖ਼ਾਤੇ ’ਚੋਂ ਟਰਾਂਸਫਰ ਹੋਈਆਂ ਹਨ। ਇਹ ਪੈਸੇ ਏ. ਟੀ. ਐੱਮ. ਰਾਹੀਂ ਕੰਕਰ ਬਾਗ ਮੇਨ ਰੋਡ ਪਟਨਾ ਅਤੇ ਨਾਲੰਦਾ ਬਿਹਾਰ ਵਿਚੋਂ ਕਢਵਾਏ ਗਏ ਹਨ। ਜਦਕਿ ਐੱਚ. ਡੀ. ਐੱਫ਼. ਸੀ. ਬੈਂਕ ਖ਼ਾਤਾ ਐੱਮ. ਡੀ. ਅਮਜਦ ਖਾਨ ਪੁੱਤਰ ਖ਼ੁਸ਼ੀ ਦਿਲਦਾਰ ਵਾਸੀ ਗਾਜੀਪੁਰ ਉਤਰ ਪ੍ਰਦੇਸ਼ ਦੇ ਨਾਂ ਤੇ ਰਜਿਸਟਰਡ ਹੈ। ਇਸ ਖਾਤੇ ਵਿਚੋਂ ਵੀ ਪਟਨਾ ਬਿਹਾਰ ਸਥਿਤ ਏ. ਟੀ. ਐੱਮ. ਤੋਂ ਪੈਸੇ ਕਢਵਾਏ ਗਏ ਹਨ। ਜਦਕਿ ਮਹਾਂਰਾਸ਼ਟਰਾ ਬੈਂਕ ਤੋਂ ਜਵਾਬ ਆਉਣਾ ਬਾਕੀ ਹੈ।
ਸਾਈਬਰ ਸੈਲ ਦੁਆਰਾ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਦਰਖਾਸਤ ਕਰਤਾ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਕੇਂਦਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਖੋਲ੍ਹਣ ਦੇ ਮਕਸਦ ਨਾਲ ਕਿਸੇ ਨਾ ਮਾਲੂਮ ਵਿਅਕਤੀ ਦੇ ਫੋਨ ਕਾਲ ਰਾਹੀਂ ਝਾਂਸੇ ਵਿਚ ਆ ਕੇ ਉਸ ਦੇ ਦੁਆਰਾ ਸਾਂਝੇ ਕੀਤੇ ਗਏ ਵੱਖ-ਵੱਖ ਬੈਂਕ ਖ਼ਾਤਿਆਂ ਰਾਹੀਂ 33,37,145 ਲੱਖ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਹੈ। ਉਕਤ ਬੈਂਕ ਖਾਤੇ ਆਨਲਾਈਨ ਠੱਗੀਆਂ ਲਈ ਵਰਤੇ ਜਾ ਸਕਦੇ ਹਨ ਕਿਉਂਕਿ ਇਨ੍ਹਾਂ ਵਿਚ ਇਕ ਹੀ ਮਿਤੀ ਨੂੰ ਕਾਫੀ ਜ਼ਿਆਦਾ ਪੈਸਿਆਂ ਦਾ ਆਨਲਾਈਨ ਟਰਾਂਸਫਰ ਹੋਣਾ ਮੌਜੂਦ ਹੈ। ਬੈਂਕ ਖਾਤਿਆਂ ਦਾ ਨੈੱਟ ਬੈਕਿੰਗ ਰਾਹੀਂ ਉਨ੍ਹਾਂ ਦੇ ਅਸਲ ਮਾਲਕਾਂ ਦੁਆਰਾ ਨਾ ਵਰਤ ਕੇ ਕਿਸੇ ਸਾਜਿਸ਼ਕਰਤਾ ਵੱਲੋਂ ਵੀ ਵਰਤਿਆ ਜਾ ਸਕਦਾ ਹੈ। ਇਸ ਕੇਸ ਸਬੰਧੀ ਮੁਕਦਮਾ ਦਰਜ ਕਰ ਕੇ ਤਫ਼ਤੀਸ਼ ਕਰਨੀ ਬਣਦੀ ਹੈ ਜਿਸ ਤੋਂ ਬਾਅਦ ਜ਼ਿਲਾ ਪੁਲਸ ਮੁੱਖੀ ਦੀਆਂ ਹਦਾਇਤਾਂ ਅਨੁਸਾਰ ਮਾਮਲਾ ਦਰਜ ਕਰਕੇ ਸਾਡੇ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8