ਘੁਮਾਰ ਮੰਡੀ ਇਲਾਕੇ ’ਚ ਨਾਜਾਇਜ਼ ਇਮਾਰਤਾਂ ਖਿਲਾਫ ਫਿਰ ਦੇਖਣ ਨੂੰ ਮਿਲੀ ਨਗਰ ਨਿਗਮ ਦੀ ''ਡਰਾਮੇਬਾਜ਼ੀ''
Thursday, Jul 09, 2026 - 05:39 PM (IST)
ਲੁਧਿਆਣਾ (ਹਿਤੇਸ਼)- ਜਿਵੇਂ ਕਿ ‘ਜਗ ਬਾਣੀ’ ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਓਜਸਵੀ ਵਲੋਂ ਸਖ਼ਤ ਰੁਖ਼ ਅਖ਼ਤਿਆਰ ਕਰਨ ਤੋਂ ਬਾਅਦ ਇਮਾਰਤੀ ਸ਼ਾਖ਼ਾ ਦੇ ਅਫ਼ਸਰਾਂ ਨੇ ਕਾਰਵਾਈ ਦੇ ਨਾਂ ’ਤੇ ਖ਼ਾਨਾਪੂਰਤੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕੁਝ ਇਸੇ ਤਰ੍ਹਾਂ ਦੀ ਡਰਾਮੇਬਾਜ਼ੀ ਮੰਗਲਵਾਰ ਨੂੰ ਘੁਮਾਰ ਮੰਡੀ ਇਲਾਕੇ ਵਿਚ ਇਕ ਵਾਰ ਫਿਰ ਦੇਖਣ ਨੂੰ ਮਿਲੀ, ਜਿਥੇ ਰਿਹਾਇਸ਼ੀ ਇਲਾਕੇ ਵਿਚ ਬਣ ਰਹੀਆਂ ਇਮਾਰਤਾਂ ਦਾ ਨਕਸ਼ਾ ਪਾਸ ਨਾ ਹੋਣ ਸਬੰਧੀ ਮਾਲਕਾਂ ਦੇ ਨਾਲ ਏ. ਟੀ. ਪੀ. ਦੇ ਵਿਵਾਦ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
ਹੁਣ ਮੰਗਲਵਾਰ ਨੂੰ ਜ਼ੋਨ ‘ਡੀ’ ਦੀ ਟੀਮ ਵੱਲੋਂ ਫਿਰ ਘੁਮਾਰ ਮੰਡੀ ਇਲਾਕੇ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਖਿਲਾਫ ਕਾਰਵਾਈ ਕਰਨ ਦੀ ਰਿਪੋਰਟ ਉੱਚ ਅਫ਼ਸਰਾਂ ਨੂੰ ਭੇਜੀ ਗਈ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਫਿਰੋਜ਼ਪੁਰ ਰੋਡ ’ਤੇ ਆਰਤੀ ਸਿਨੇਮਾ ਚੌਕ ਨੇੜੇ ਫਰੰਟ ਹਾਊਸ ਲੇਨ ਅਤੇ ਪਾਰਕਿੰਗ ਲਈ ਇਕ ਇੰਚ ਵੀ ਜਗ੍ਹਾ ਛੱਡੇ ਬਿਨਾਂ ਬਣ ਰਹੇ 2 ਕੰਪਲੈਕਸਾਂ ਵਲੋਂ ਇਕ ਵਾਰ ਫਿਰ ਅੱਖਾਂ ਫੇਰ ਲਈਆਂ ਹਨ।
ਦੂਜੇ ਪਾਸੇ ਘੁਮਾਰ ਮੰਡੀ ਦੇ ਅੰਦਰੂਨੀ ਹਿੱਸੇ ਵਿਚ ਮੇਨ ਰੋਡ ’ਤੇ ਬਾਬਾ-ਪਾਪਾ ਸ਼ੋਅਰੂਮ ਨੇੜੇ ਪਹਿਲਾਂ ਤੋੜੇ ਜਾਣ ਦੇ ਬਾਵਜੂਦ ਨਾਜਾਇਜ਼ ਰੂਪ ਵਿਚ ਬਣ ਰਹੀ ਮਾਰਕੀਟ ’ਤੇ ਸਿਰਫ਼ ਦਿਖਾਵੇ ਲਈ ਜੇ. ਸੀ. ਬੀ. ਰੋਕੀ ਗਈ। ਇਹੀ ਮਾਹੌਲ ਖਾਲਸਾ ਕਾਲਜ ਦੇ ਸਾਹਮਣੇ ਐੱਸ. ਬੀ. ਆਈ. ਬੈਂਕ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਬਣ ਰਹੀ ਇਮਾਰਤ ਖਿਲਾਫ ਐਕਸ਼ਨ ਦੌਰਾਨ ਦੇਖਣ ਨੂੰ ਮਿਲੀ, ਜਿਥੇ ਕਾਰਵਾਈ ਰੁਕਵਾਉਣ ਲਈ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਖ਼ੁਦ ਇਕ ਆਗੂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਉਸ ਦੇ ਵਿਰੋਧ ਦਾ ਹਵਾਲਾ ਦਿੰਦੇ ਹੋਏ ਉਹ ਵਾਪਸ ਮੁੜ ਆਏ।
ਅਫ਼ਸਰਾਂ ਦੀ ਮਿਹਰਬਾਨੀ ਨਾਲ ਬਣ ਰਹੀਆਂ ਹੋਰ ਵੀ ਇਮਾਰਤਾਂ
ਘੁਮਾਰ ਮੰਡੀ ਇਲਾਕੇ ਵਿਚ ਨਗਰ ਨਿਗਮ ਅਫ਼ਸਰਾਂ ਦੀ ਮਿਹਰਬਾਨੀ ਆਰਤੀ ਸਿਨੇਮਾ ਚੌਕ ਨੇੜੇ ਬਣ ਰਹੇ ਦੋ ਕੰਪਲੈਕਸਾਂ ਤੋਂ ਇਲਾਵਾ ਮੇਨ ਚੌਕ ਵਿਚ ਫਰੂਟ ਦੀਆਂ ਦੁਕਾਨਾਂ ਦੇ ਨਾਲ, ਨੈਸ਼ਨਲ ਰੋਡ ’ਤੇ ਗਗਨ ਫੋਟੋ ਦੇ ਨਾਲ ਅਤੇ ਉਸ ਦੇ ਸਾਹਮਣੇ ਵੀ ਦੇਖਣ ਨੂੰ ਮਿਲ ਰਹੀ ਹੈ। ਇਥੇ ਫਰੰਟ ਹਾਊਸ ਲੇਨ ਅਤੇ ਪਾਰਕਿੰਗ ਲਈ ਇਕ ਇੰਚ ਵੀ ਜਗ੍ਹਾ ਛੱਡੇ ਬਿਨਾਂ ਬਣ ਰਹੇ ਕੰਪਲੈਕਸਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਸਾਬਕਾ ਕਮਿਸ਼ਨਰ ਨੀਰੂ ਕਤਿਆਲ ਦੇ ਨਿਰਦੇਸ਼ਾਂ ’ਤੇ ਖਾਲਸਾ ਕਾਲਜ ਦੇ ਸਾਹਮਣੇ ਵਾਲੀ ਸੜਕ ’ਤੇ ਐੱਸ. ਬੀ. ਆਈ. ਬੈਂਕ ਨੇੜੇ ਜੋ ਨਾਜਾਇਜ਼ ਇਮਾਰਤ ਢਾਹੀ ਗਈ ਸੀ, ਉਸ ਦੀ ਉਸਾਰੀ ਵੀ ਮੁੜ ਸ਼ੁਰੂ ਹੋ ਗਈ ਹੈ। ਹੁਣ ਨਵੇਂ ਕਮਿਸ਼ਨਰ ਦੀਆਂ ਅੱਖਾਂ ਵਿਚ ਧੂੜ ਝੋਂਕਣ ਲਈ ਇਮਾਰਤ ਦੇ ਮਾਲਕ ਕੋਲੋਂ ਰਿਹਾਇਸ਼ੀ ਉਸਾਰੀ ਕਰਨ ਦਾ ਹਲਫ਼ਨਾਮਾ (ਐਫੀਡੇਵਿਟ) ਲੈਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
