ਸਤਲੁਜ ’ਚ ਡੁੱਬਣ ਕਾਰਨ ਨਾਬਾਲਗ ਦੀ ਮੌਤ, 24 ਘੰਟਿਆਂ ਬਾਅਦ ਲੱਭੀ ਲਾਸ਼, ਲੋਕਾਂ ਨੇ ਬਚਾਈ 2 ਹੋਰ ਦੋਸਤਾਂ ਦੀ ਜਾਨ

Monday, Jul 20, 2026 - 11:30 AM (IST)

ਸਤਲੁਜ ’ਚ ਡੁੱਬਣ ਕਾਰਨ ਨਾਬਾਲਗ ਦੀ ਮੌਤ, 24 ਘੰਟਿਆਂ ਬਾਅਦ ਲੱਭੀ ਲਾਸ਼, ਲੋਕਾਂ ਨੇ ਬਚਾਈ 2 ਹੋਰ ਦੋਸਤਾਂ ਦੀ ਜਾਨ

ਲੁਧਿਆਣਾ (ਅਨਿਲ)- ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਐੱਲਡੀਕੋ ਐਸਟੇਟ ਪੁਲਸ ਚੌਕੀ ਦੇ ਇਲਾਕੇ ਕਾਸਾਬਾਦ ਵਿਚ ਇਕ ਬਹੁਤ ਹੀ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਤਲੁਜ ਦਰਿਆ ਵਿਚ ਨਹਾਉਣ ਗਏ ਇਕ 15 ਸਾਲਾ ਨਾਬਾਲਗ ਦੀ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ ਦੋ ਹੋਰ ਨਾਬਾਲਗਾਂ ਨੂੰ ਡੁੱਬਣ ਤੋਂ ਬਚਾਅ ਲਿਆ ਗਿਆ।

ਥਾਣਾ ਮੁਖੀ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਤੇ ਚੌਕੀ ਮੁਖੀ ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਾਬਾਲਗ ਦੋਸਤ ਸਤਲੁਜ ਦਰਿਆ ’ਤੇ ਨਹਾਉਣ ਲਈ ਆਏ ਸਨ। ਨਹਾਉਂਦੇ-ਨਹਾਉਂਦੇ ਇਨ੍ਹਾਂ ਵਿਚੋਂ 3 ਅਚਾਨਕ ਡੂੰਘੇ ਪਾਣੀ ਵਾਲੇ ਪਾਸੇ ਚਲੇ ਗਏ ਤੇ ਡੁੱਬਣ ਲੱਗੇ।

ਉਨ੍ਹਾਂ ਨੂੰ ਡੁੱਬਦਾ ਦੇਖ ਕੇ ਉੱਥੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦਰਿਆ ਕੰਢੇ ਖੜ੍ਹੇ ਲੋਕਾਂ ਨੇ ਸਖਤ ਮੁਸ਼ੱਕਤ ਨਾਲ ਦੋ ਨਾਬਾਲਗਾਂ ਨੂੰ ਤਾਂ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਤੀਜਾ ਡੂੰਘੇ ਪਾਣੀ ਵਿਚ ਲਾਪਤਾ ਹੋ ਗਿਆ।

ਘਟਨਾ ਤੋਂ ਤੁਰੰਤ ਬਾਅਦ ਪੁਲਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਵਿਸ਼ੇਸ਼ ਟੀਮ ਨੂੰ ਬੁਲਾਇਆ। ਗੋਤਾਖੋਰਾਂ ਵੱਲੋਂ ਚਲਾਈ ਸਰਚ ਮੁਹਿੰਮ ਦੇ ਲੱਗਭਗ 24 ਘੰਟਿਆਂ ਬਾਅਦ ਉਸ ਦੀ ਲਾਸ਼ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਜਾ ਸਕਿਆ। ਮ੍ਰਿਤਕ ਦੀ ਪਛਾਣ ਸੂਰਿਆ (15) ਪੁੱਤਰ ਸੰਤੋਸ਼ ਵਜੋਂ ਹੋਈ ਹੈ, ਜੋ ਕਿ ਭੱਟੀਆਂ ਬੇਟ ਦੇ ਅਮਲਤਾਸ ਐਨਕਲੇਵ ਦਾ ਨਿਵਾਸੀ ਸੀ।


author

Anmol Tagra

Content Editor

Related News