ਨਿਹੰਗ ਸਿੰਘਾਂ ਨੇ ਜਾਮ ਕੀਤੀ ਲੁਧਿਆਣਾ ਦੀ ਮੁੱਖ ਸੜਕ! ਆਵਾਜਾਈ ਪੂਰੀ ਤਰ੍ਹਾਂ ਠੱਪ
Monday, Jul 13, 2026 - 01:46 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਅਤੇ ਵੀ.ਆਈ.ਪੀ. ਰੂਟ ਮੰਨੇ ਜਾਣ ਵਾਲੇ ਫਿਰੋਜ਼ਪੁਰ ਰੋਡ 'ਤੇ ਅੱਜ ਸਵੇਰ ਤੋਂ ਹੀ ਭਾਰੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਕਰੀਬ 3 ਸਾਲ ਪੁਰਾਣੇ ਇਕ ਘਿਨਾਉਣੇ ਕਤਲਕਾਂਡ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਦਿੱਤੇ ਜਾਣ ਅਤੇ ਢਿੱਲੇ ਰਵੱਈਏ ਅਪਣਾਉਣ ਤੋਂ ਨਾਰਾਜ਼ ਨਿਹੰਗ ਸਿੰਘਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੁੱਖ ਫਿਰੋਜ਼ਪੁਰ ਰੋਡ ਨੂੰ ਦੋਵੇਂ ਪਾਸਿਆਂ ਤੋਂ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਹੈ। ਭਾਰੀ ਗਿਣਤੀ ਵਿਚ ਨਿਹੰਗ ਸਿੰਘ ਅੱਜ ਸਵੇਰੇ ਠੀਕ 10 ਵਜੇ ਤੋਂ ਆਪਣੇ ਰਵਾਇਤੀ ਸ਼ਸਤਰਾਂ ਦੇ ਨਾਲ ਸੜਕ ਦੇ ਵਿਚਕਾਰ ਦਰੀ ਵਿਛਾ ਕੇ ਧਰਨੇ 'ਤੇ ਬੈਠ ਗਏ ਹਨ। ਪਿਛਲੇ ਕਈ ਘੰਟਿਆਂ ਤੋਂ ਸੜਕ ਦੇ ਦੋਵੇਂ ਮੁੱਖ ਹਿੱਸੇ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਹਾਈਵੇਅ 'ਤੇ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ ਮੀਲਾਂ ਲੰਬਾ ਗੱਡੀਆਂ ਦਾ ਜਾਮ ਲੱਗ ਗਿਆ ਹੈ, ਇਸ ਕਾਰਨ ਆਮ ਰਾਹਗੀਰਾਂ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਧਰਨੇ 'ਤੇ ਬੈਠੇ ਨਿਹੰਗ ਸਿੰਘਾਂ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਕਿਸੇ ਛੋਟੀ ਗੱਲ 'ਤੇ ਨਹੀਂ, ਸਗੋਂ ਇਕ ਕਤਲ ਮਾਮਲੇ ਨੂੰ ਦਬਾਉਣ ਦੇ ਖਿਲਾਫ ਹੈ। ਉਨ੍ਹਾਂ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਨਿਹੰਗ ਫ਼ਤਿਹਵੀਰ ਸਿੰਘ ਦਾ ਕੁਝ ਸ਼ਾਤਰ ਅਪਰਾਧੀਆਂ ਨੇ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਕਤਲ ਕਾਂਡ ਤੋਂ ਬਾਅਦ ਪੁਲਸ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹਕੀਕਤ ਵਿਚ ਉਹ ਖੋਖਲੇ ਸਾਬਤ ਹੋਏ। ਰੋਸ ਜਤਾ ਰਹੇ ਪ੍ਰਦਰਸ਼ਨਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਇਸ ਅੰਨ੍ਹੇ ਕਤਲ ਦੇ ਮਾਮਲੇ ਵਿਚ ਲੁਧਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਪਿਛਲੇ 3 ਸਾਲਾਂ ਵਿਚ ਕੋਈ ਵੀ ਠੋਸ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਮਾਮਲੇ ਦੇ ਮੁੱਖ ਨਾਮਜ਼ਦ ਮੁਲਜ਼ਮ ਅਤੇ ਸਾਜ਼ਿਸ਼ਕਰਤਾ ਅੱਜ ਵੀ ਸ਼ਰੇਆਮ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ, ਜਦਕਿ ਪੁਲਸ ਹੱਥ 'ਤੇ ਹੱਥ ਧਰ ਕੇ ਬੈਠੀ ਤਮਾਸ਼ਾ ਦੇਖ ਰਹੀ ਹੈ।

ਨਿਹੰਗ ਸਿੰਘਾਂ ਅਨੁਸਾਰ, ਉਹ ਪਿਛਲੇ 36 ਮਹੀਨਿਆਂ ਤੋਂ ਇਨਸਾਫ਼ ਮੰਗਣ ਲਈ ਪੁਲਸ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਡੀ. ਸੀ. ਦਫ਼ਤਰ ਅਤੇ ਸਥਾਨਕ ਥਾਣਿਆਂ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਹਰ ਵਾਰ ਉਨ੍ਹਾਂ ਨੂੰ ਸਿਰਫ਼ ਖੋਖਲੇ ਭਰੋਸੇ ਦਿੱਤੇ ਜਾਂਦੇ ਹਨ। ਇਸੇ ਢਿੱਲੇ ਰਵੱਈਏ ਤੋਂ ਤੰਗ ਆ ਕੇ ਅੱਜ ਉਨ੍ਹਾਂ ਨੂੰ ਮਜਬੂਰਨ ਸੜਕਾਂ 'ਤੇ ਉਤਰ ਕੇ 'ਚੱਕਾ ਜਾਮ' ਕਰਨ ਦਾ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।
'ਇਨਸਾਫ਼ ਲਏ ਬਿਨਾਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ'
ਮੌਕੇ 'ਤੇ ਤਣਾਅ ਵਾਲੀ ਸਥਿਤੀ ਨੂੰ ਦੇਖਦੇ ਹੋਏ ਭਾਰੀ ਪੁਲਸ ਫ਼ੋਰਸ ਅਤੇ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੌਕੇ 'ਤੇ ਮੌਜੂਦ ਨਿਹੰਗ ਸਿੰਘਾਂ ਨੇ ਦੋ-ਟੁਕ ਸ਼ਬਦਾਂ ਵਿਚ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਤੱਕ ਪੁਲਸ ਵਿਭਾਗ ਲਿਖਤੀ ਰੂਪ ਵਿਚ ਇਸ ਮਾਮਲੇ ਵਿਚ ਤੁਰੰਤ ਠੋਸ ਅਤੇ ਸਮਾਂਬੱਧ ਕਾਰਵਾਈ ਦਾ ਭਰੋਸਾ ਨਹੀਂ ਦਿੰਦਾ ਅਤੇ ਫਤਿਹਵੀਰ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਨਹੀਂ ਸੁੱਟਦਾ, ਉਦੋਂ ਤੱਕ ਉਨ੍ਹਾਂ ਦਾ ਇਹ ਅਣਮਿੱਥੇ ਸਮੇਂ ਦਾ ਧਰਨਾ ਅਤੇ ਚੱਕਾ ਜਾਮ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਇਨਸਾਫ਼ ਲਏ ਬਿਨਾਂ ਇੱਥੋਂ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ।
