ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਪਰਦਾਫਾਸ਼

06/21/2024 5:55:17 PM

ਚੰਡੀਗੜ੍ਹ (ਅੰਕੁਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਗੋਦਾਮ ’ਤੇ ਛਾਪੇਮਾਰੀ ਕਰਕੇ 1.55 ਕਰੋੜ ਰੁਪਏ ਦੇ ਵੱਡੇ ਗ਼ਬਨ ਦਾ ਪਰਦਾਫਾਸ਼ ਕਰਦਿਆਂ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕੀਤੇ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ ਸਣੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ, ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ, ਬਠਿੰਡਾ ਦੇ ਮਾਲਕ, ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀ ਜਾਂਚ ਦੌਰਾਨ ਭਾਰਤੀ ਖੁਰਾਕ ਨਿਗਮ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਗਲੋਬਲ ਵੇਅਰਹਾਊਸ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘ਭਾਰਤ ਬ੍ਰਾਂਡ’ ਸਕੀਮ ਤਹਿਤ ਰਾਸ਼ਟਰੀ ਸਹਿਕਾਰੀ ਖ਼ਪਤਕਾਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਨੂੰ ਲਗਭਗ 70,000 ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਵਿਚੋਂ 1000 ਮੀਟ੍ਰਿਕ ਟਨ ਚੌਲ 5 ਕਿੱਲੋ ਅਤੇ 10 ਕਿਲੋ ਦੀ ਥੈਲਿਆਂ ਵਿਚ 18.50 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੰਡੇ ਜਾਣੇ ਸੀ। ਬਠਿੰਡਾ ਜ਼ਿਲ੍ਹੇ ਵਿਚ 29 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਚੌਲ ਲਾਭਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਫਰਮ ਨੂੰ ਦਿੱਤਾ ਗਿਆ ਸੀ।

ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲਾਭਪਾਤਰੀਆਂ ਦੇ 3.40 ਕਰੋੜ ਰੁਪਏ ਦੇ ਚੌਲਾਂ ਵਿਚ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਚਨਾ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕਰ ਲਏ ਹਨ, ਜੋ ਫਤਿਆਬਾਦ ਦੇ ਕਸਬਾ ਹਮਜਾਪੁਰ ਭੇਜੇ ਜਾਣੇ ਸਨ ਪਰ ਟੈਂਡਰਰ ਫਰਮ ਨੇ ਚੌਲਾਂ ਨੂੰ ਅੱਗੇ ਚੌਲ-ਫ਼ਰੋਸ਼ਾਂ ਨੂੰ ਸਿੱਧੇ ਵੇਚਣ ਦੇ ਇਰਾਦੇ ਨਾਲ ਨਾ ਤਾਂ ਚੌਲਾਂ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੀ ਚੌਲ ਬੋਰੀਆਂ ਵਿਚ ਭਰੇ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਵੇਚ ਕੇ ਗਬਨ ਕਰਨਾ ਚਾਹੁੰਦੀ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜੈ ਜਨੇਂਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਦਲਾਲ ਅਤੇ ਭਾਰਤੀ ਖੁਰਾਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਰਾਹੀਂ ਇਸ ਗੋਦਾਮ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਨਾਲ ਮਿਲੀਭੁਗਤ ਕਰਕੇ ਗਲੋਬਲ ਵੇਅਰਹਾਊਸ (ਸੋਮਾ ਵੇਅਰਹਾਊਸ), ਮੌੜ ਮੰਡੀ ਤੋਂ ਚੌਲ ਹਾਸਲ ਕਰਕੇ ਰਿਸ਼ਵਤ ਦੇਣ ਤੋਂ ਬਾਅਦ ਇੰਨ੍ਹਾਂ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ, ਕੁੱਤੀਵਾਲ ਕਲਾਂ, ਮੌੜ ਮੰਡੀ ਵਿਖੇ ਭੇਜ ਦਿੱਤਾ ਅਤੇ ਇਸ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਨੂੰ ਇਨ੍ਹਾਂ ਟਰੱਕਾਂ ਰਾਹੀਂ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਅਤੇ ਉਕਤ ਫਰਮਾਂ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।


Gurminder Singh

Content Editor

Related News