ਅਚਾਨਕ ਅੱਗ ਲੱਗਣ ਕਾਰਨ ਗਰੀਬ ਦਾ ਘਰ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

Wednesday, May 29, 2024 - 05:16 PM (IST)

ਅਚਾਨਕ ਅੱਗ ਲੱਗਣ ਕਾਰਨ ਗਰੀਬ ਦਾ ਘਰ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

ਤਾਰਾਗੜ੍ਹ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਦੇ ਕਸਬਾ ਤਾਰਾਗੜ੍ਹ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਅਤੇ ਚਾਰੇ ਪਾਸੇ ਧੂੰਆਂ ਫੈਲ ਗਿਆ। ਜਾਣਕਾਰੀ ਦਿੰਦਿਆਂ ਪੀੜਤ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਸਾਰਾ ਦਿਨ ਮਜ਼ਦੂਰੀ ਕਰਦਾ ਹੈ। ਅੱਜ ਵੀ ਜਦੋਂ ਉਹ ਮਜ਼ਦੂਰੀ ਕਰਨ ਗਿਆ ਸੀ ਤਾਂ ਅੱਤ ਦੀ ਗਰਮੀ ਕਾਰਨ ਜਲਦੀ ਘਰ ਵਾਪਸ ਆ ਗਿਆ ਅਤੇ ਆਪਣੇ ਪਰਿਵਾਰ ਨਾਲ ਦੂਜੇ ਪਾਸੇ ਘਰ 'ਚ ਸੌਂ ਰਿਹਾ ਸੀ। ਅਚਾਨਕ ਦੁਪਹਿਰ ਵੇਲੇ ਘਰ ਦੇ ਬਿਲਕੁਲ ਸਾਹਮਣੇ ਅੱਗ ਲੱਗ ਗਈ। ਅਸੀਂ ਅੱਗ ਦੀਆਂ ਲਾਟਾਂ ਵੇਖ ਕੇ ਜਾਗੇ ਅਤੇ ਅੱਗ ਬੁਝਾਉਣ ਲਈ ਉੱਚੀ-ਉੱਚੀ ਰੌਲਾ ਪਾਉਣ ਲੱਗੇ। ਸਾਡੀਆਂ ਚੀਕਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਪਰ ਧੂੰਏਂ ਦੀਆਂ ਲਪਟਾਂ ਅੱਗੇ ਸੈਂਕੜੇ ਲੋਕ ਬੇਵੱਸ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦਾ ਘਰ ਸੜਦਾ ਰਿਹਾ ਅਤੇ ਉਹ ਕੁੱਝ ਨਹੀਂ ਕਰ ਸਕਿਆ। ਜਿਸ ਕਾਰਨ ਇਕੱਠੇ ਹੋਏ ਲੋਕਾਂ ਨੇ ਬਾਲਟੀਆਂ 'ਚ ਪਾਣੀ ਭਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਅੱਗ 'ਤੇ ਕਾਬੂ ਨਹੀਂ ਪਾ ਸਕਿਆ।

ਇਸ ਮੌਕੇ ਕੁਝ ਸਮਾਜ ਸੇਵੀ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਦਫ਼ਤਰ ਨਾਲ ਸੰਪਰਕ ਕਰਕੇ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾਇਆ। ਫਾਇਰ ਬ੍ਰਿਗੇਡ ਆਉਣ ਤੱਕ ਘਰ ਦਾ ਸਾਰਾ ਸਮਾਨ ਸੜਕੇ ਸੁਆਹ ਹੋ ਚੁੱਕਾ ਸੀ ਪੀੜਤ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਸਦੇ ਘਰ ਵਿੱਚ ਇੱਕ ਮੋਟਰਸਾਈਕਲ, ਇੱਕ ਗਰਭਵਤੀ ਗਾਂ, ਇਕ ਮੱਝ ਅਤੇ 6 ਮੁਰਗੇ, ਇਕ ਦਰਜਨ ਦੇ ਕਰੀਬ ਮੁਰਗੀਆਂ ਦੇ ਬੱਚੇ, ਕਣਕ, ਚਾਵਲ, ਸਮੇਤ ਘਰ ਦਾ ਹੋਰ ਸਾਮਾਨ ਸਮੇਤ ਕੱਪੜੇ ਅਤੇ ਨਕਦੀ ਵੀ ਸੜ ਗਈ।

ਉਨ੍ਹਾਂ ਦੱਸਿਆ ਕਿ ਇਕ ਢਾਈ ਸਾਲ ਦੀ ਕੱਟੀ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ, ਜਿਸਦੀ ਰੱਸੀ ਅੱਗ ਨਾਲ ਸੜ ਗਈ ਸੀ ਅਤੇ ਜੋ ਬਾਹਰ ਭੱਜਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਅਤੇ ਇੱਕ ਗਰਭਵਤੀ ਗਾਂ ਜੋ ਕਿ ਬੁਰੀ ਤਰ੍ਹਾਂ ਸੜ ਗਈ ਸੀ। ਪੀੜਤ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਹ ਦਿਨ ਭਰ ਆਪਣੇ ਪਰਿਵਾਰ ਨਾਲ ਮਜ਼ਦੂਰੀ ਕਰਨ ਦੇ ਨਾਲ-ਨਾਲ ਕਿਧਰੇ ਤੋਂ ਕੁਝ ਆਮਦਨ ਕਮਾਉਣ ਲਈ ਕੀਮਤੀ ਹਾਈਬ੍ਰਿਡ ਪਸ਼ੂਆਂ ਦੇ ਛੋਟੇ-ਛੋਟੇ ਵੱਛੇ ਵੀ ਪਾਲਦਾ ਹੈ, ਜਿਸ ਵਿਚ ਉਸ ਦਾ ਪਰਿਵਾਰ ਉਸ ਦਾ ਪੂਰਾ ਸਹਿਯੋਗ ਕਰਦਾ ਹੈ।

ਜਿਸ ਕਾਰਨ ਉਹ ਵੱਧ ਰਹੀ ਮਹਿੰਗਾਈ ਤੋਂ ਕੁਝ ਆਮਦਨ ਲੈਣ ਲਈ ਗਾਵਾਂ ਅਤੇ ਮੁਰਗੀਆਂ ਦੀਆਂ ਹਾਈਬ੍ਰਿਡ ਨਸਲਾਂ ਪਾਲਣ-ਪੋਸ਼ਣ ਕਰਦੇ ਸਨ ਤਾਂ ਜੋ ਇਨ੍ਹਾਂ ਨੂੰ ਵੇਚ ਕੇ ਕੋਈ ਵੀ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕੇ। ਪੀੜਤ ਨੇ ਦੱਸਿਆ ਕਿ ਉਸਨੇ ਹੀਰੋ ਸਪਲੈਂਡਰ ਮੋਟਰਸਾਈਕਲ ਜੋ ਫਾਈਨਾਂਸਰ ਕੰਪਨੀ ਤੋਂ ਕਿਸ਼ਤਾਂ 'ਤੇ ਲਿਆ ਸੀ, ਜਿਸ ਲਈ ਉਹ ਪ੍ਰਾਈਵੇਟ ਫਾਈਨਾਂਸਰ ਕੰਪਨੀ ਨੂੰ ਹਰ ਮਹੀਨੇ ਕਿਸ਼ਤ ਅਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਦੂਜੇ ਪਾਸੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਅੱਗ ਕਾਰਨ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਪ੍ਰੇਮ ਮਸੀਹ, ਪੰਚ ਅਸ਼ੋਕ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
 


author

Babita

Content Editor

Related News