ਬਟਾਲਾ ’ਚ ਨੋਟ ਦੇ ਬਦਲੇ ਵੋਟ ਦਾ ਮਾਮਲਾ ਗਰਮਾਇਆ, 20 ਰੁਪਏ ਦਾ ਨੋਟ ਲੈ ਕੇ ਰਾਸ਼ਨ ਲੈਣ ਪਹੁੰਚੇ ਲੋਕ

Sunday, Jun 02, 2024 - 02:13 PM (IST)

ਬਟਾਲਾ ’ਚ ਨੋਟ ਦੇ ਬਦਲੇ ਵੋਟ ਦਾ ਮਾਮਲਾ ਗਰਮਾਇਆ, 20 ਰੁਪਏ ਦਾ ਨੋਟ ਲੈ ਕੇ ਰਾਸ਼ਨ ਲੈਣ ਪਹੁੰਚੇ ਲੋਕ

ਬਟਾਲਾ(ਸਾਹਿਲ) : ਬਟਾਲਾ ਵਿਚ ਨੋਟ ਦੇ ਬਦਲੇ ਵੋਟ ਦਾ ਮਾਮਲਾ ਗਰਮਾਏ ਜਾਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਚੋਣ ਕਮਿਸ਼ਨ ’ਤੇ ਟਿਕ ਗਈਆਂ ਹਨ ਕਿ ਕੀ ਚੋਣ ਕਮਿਸ਼ਨ ਇਸ ਮਾਮਲੇ ਵਿਚ ਕਦੋਂ ਕੋਈ ਕਾਰਵਾਈ ਕਰਨਗੇ। ਜਾਣਕਾਰੀ ਮੁਤਾਬਕ ਵਿਧਾਨ ਸਭਾ ਬਟਾਲਾ 'ਚ ਇਕ ਉਮੀਦਵਾਰ ਵੱਲੋਂ ਆਪਣੇ ਹੱਕ ਵਿਚ ਵੋਟਾਂ ਭੁਗਤਾਉਣ ਲਈ ਵੋਟਾਂ ਪੱਕੀਆਂ ਕਰਨ ਵਾਸਤੇ 20 ਰੁਪਏ ਦੇ ਨੋਟ ਵੰਡਣ ਲਈ ਆਪਣੇ ਸਮਰਥਕਾਂ ਤੇ ਵਰਕਰਾਂ ਨੂੰ ਕਿਹਾ ਗਿਆ ਸੀ। ਇਸ ਕਾਰਨ ਇਕ ਵੋਟਰ ਨੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਇਹ 20 ਰੁਪਏ ਦਾ ਨੋਟ ਸੀਮੇਂਟ ਵਾਲਿਆਂ ਅਤੇ ਇਕ ਗੋਗਾ ਪ੍ਰਧਾਨ ਨਾਂ ਦੇ ਵਿਅਕਤੀ ਨੇ ਦਿੰਦਿਆਂ ਕਿਹਾ ਕਿ ਤੁਸੀਂ ਸਾਡੇ ਉਮੀਦਵਾਰ ਦੇ ਹੱਕ ’ਚ ਵੋਟ ਪਾਉਣੀ ਹੈ ਅਤੇ ਇਸ 20 ਰੁਪਏ ਦੇ ਨੋਟ ਨੂੰ ਤੁਸੀਂ ਸਿੰਬਲ ਚੌਕ ਕਾਹਨੂੰਵਾਨ ਰੋਡ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ’ਤੇ ਲੈ ਜਾਓ, ਜਿਸ ਦੇ ਬਦਲੇ ਉਹ ਤੁਹਾਨੂੰ ਰਾਸ਼ਨ ਅਤੇ ਹੋਰ ਸਾਮਾਨ ਦੇ ਦੇਵੇਗਾ। ਜਦ ਵੋਟਰ ਵੱਲੋਂ ਦੱਸੇ ਉਕਤ ਦੁਕਾਨ ’ਤੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਪਹੁੰਚੇ ਤਾਂ ਦੇਖਿਆ ਕਿ ਦੁਕਾਨ ’ਚ ਲੋਕ ਲੰਮੀਆਂ ਕਤਾਰਾਂ ਵਿਚ ਲੱਗੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ’ਚ 20 ਰੁਪਏ ਦਾ ਨੋਟ ਸੀ, ਜੋ ਉਕਤ ਦੁਕਾਨਦਾਰ ਨੂੰ 20 ਰੁਪਏ ਦਾ ਨੋਟ ਦੇ ਕੇ ਭਾਰੀ ਮਾਤਰਾਂ ਵਿਚ ਰਾਸ਼ਨ ਦਾ ਸਾਮਾਨ ਅਤੇ ਹੋਰ ਵਸਤੂਆਂ ਲੈ ਕੇ ਜਾ ਰਹੇ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ 50.33 ਫ਼ੀਸਦੀ ਵੋਟਿੰਗ ; ਪੰਜਾਬ ਦੇ 13 ਹਲਕਿਆਂ 'ਚੋਂ ਸਭ ਤੋਂ ਘੱਟ

ਰਮੇਸ਼ ਬਹਿਲ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਵੱਲੋਂ ਉਕਤ ਘਟਨਾ ਦੀ ਵੀਡਿਓ ਬਣਾ ਲਈ ਗਈ ਅਤੇ ਮੌਕੇ ’ਤੇ ਹੀ 20 ਰੁਪਏ ਦੇ ਨੋਟਾਂ ਦੇ ਸੀਰੀਅਲ ਨੰਬਰਾਂ ਦੀ ਵੀਡਿਓ ਰਿਕਾਡਿੰਗ ਵੀ ਕਰ ਲਈ ਹੈ। ਉਨ੍ਹਾਂ ਇਸ ਸਬੰਧੀ ਜਦੋਂ ਉਕਤ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੂੰ ਕਿਸੇ ਵੱਲੋਂ ਇਸ 20 ਰੁਪਏ ਦੇ ਨੋਟ ਦੇ ਬਦਲੇ ਰਾਸ਼ਨ ਦੇਣ ਲਈ ਕਿਹਾ ਗਿਆ ਸੀ ਅਤੇ ਇਸ ਲਈ ਮੈਨੂੰ ਮੇਰੇ ਬਣਦੇ ਪੈਸੇ ਵੀ ਦੇ ਦਿੱਤੇ ਗਏ ਹਨ।

ਬਹਿਲ ਨੇ ਦੱਸਿਆ ਕਿ ਸ਼ਹਿਰ ਵਿਚ 20 ਰੁਪਏ ਦੇ ਨੋਟ ਨਾਲ ਵੋਟਰਾਂ ਨੂੰ ਲਾਲਚ ਦੇਣ ਸਬੰਧੀ ਮੁੱਖ ਚੋਣ ਕਮਿਸ਼ਨਰ ਪੰਜਾਬ, ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਐੱਸ. ਐੱਸ. ਪੀ. ਬਟਾਲਾ ਨੂੰ ਉਨ੍ਹਾਂ ਨੇ ਲਿਖਿਤ ਸ਼ਿਕਾਇਤ ਭੇਜਣ ਦੇ ਨਾਲ-ਨਾਲ ਇਸ ਘਟਨਾ ਦੀ ਵੀਡਿਓ ਰਿਕਾਡਿੰਗ ਮੁੱਖ ਚੋਣ ਅਧਿਕਾਰੀ, ਡੀ. ਸੀ. ਗੁਰਦਾਸਪੁਰ ਤੇ ਐੱਸ. ਡੀ. ਐੱਮ. ਬਟਾਲਾ ਨੂੰ ਭੇਜ ਦਿੱਤੀ ਹੈ। ਉਹ ਮੰਗ ਕਰਦੇ ਹਨ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆ ’ਤੇ ਚੋਣ ਕਮਿਸ਼ਨ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਚੋਣ ਕਮੀਸ਼ਨ ਇਸ ਮਾਮਲੇ ਵਿਚ ਕੋਈ ਸਖ਼ਤ ਐਕਸ਼ਨ ਲੈਣਗੇ ਜਾਂ ਫਿਰ ਇਹ ਮਾਮਲਾ ਠੰਡੇ ਬਸਤੇ ਵਿਚ ਪੈ ਜਾਵੇਗਾ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਮੁਕੰਮਲ ਹੋਈ ਚੋਣ ਪ੍ਰਕਿਰਿਆ, ਹਲਕੇ 'ਚ 64.66 ਫ਼ੀਸਦੀ ਹੋਈ ਵੋਟਿੰਗ

ਕੀ ਕਹਿਣਾ ਹੈ ਗੋਗਾ ਪ੍ਰਧਾਨ ਦਾ?

ਇਸ ਸਬੰਧੀ ਜਦੋਂ ਗੋਗਾ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ 20 ਰੁਪਏ ਦਾ ਨੋਟ ਕਿਸੇ ਨੂੰ ਨਹੀਂ ਦਿੱਤੇ ਗਏ। ਸਗੋਂ ਕੁਝ ਲੋਕ ਮੇਰੇ ਪਾਸ ਆਏ ਸਨ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਨਾ ਤਾਂ 20 ਰੁਪਏ ਦੇ ਕੋਈ ਨੋਟ ਹਨ ਅਤੇ ਨਾ ਹੀ ਪਰਚੀ ਹੈ।

ਕੀ ਕਹਿਣਾ ਹੈ ਐੱਸ.ਡੀ.ਐੱਮ. ਦਾ?

ਇਸ ਸਬੰਧੀ ਐੱਸ. ਡੀ. ਐੱਮ. ਬਟਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਉਕਤ ਘਟਨਾ ਦੀ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਕੇ ਉਕਤ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅਗਲੇਰੀ ਕਾਰਵਾਈ ਪੁਲਸ ਪ੍ਰਸ਼ਾਸਨ ਵੱਲੋਂ ਹੀ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News