ਮੋਹਾਲੀ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਇੰਝ ਠੱਗਦਾ ਸੀ ਗਿਰੋਹ (ਵੀਡੀਓ)

Wednesday, Jun 26, 2024 - 01:15 PM (IST)

ਮੋਹਾਲੀ (ਨਿਆਮੀਆਂ/ਸੰਦੀਪ) : ਫਰਜ਼ੀ ਕਾਲ ਸੈਂਟਰ ਦੀ ਆੜ ’ਚ ਵਿਦੇਸ਼ੀ ਨਾਗਰਿਕਾਂ ਦੇ ਪੇ-ਪਾਲ ਖ਼ਾਤਿਆਂ ’ਚੋਂ ਪੈਸੇ ਕੱਢਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ 37 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਕੈਲਾਸ਼ ਟਾਵਰ ’ਚ ਫਰਜ਼ੀ ਕਾਲ ਸੈਂਟਰ ਖੋਲ੍ਹਿਆ ਸੀ, ਜਿਸ ਦੀ ਆੜ ’ਚ ਲੋਕਾਂ ਦੇ ਖ਼ਾਤੇ ਖ਼ਾਲੀ ਕੀਤੇ ਜਾ ਰਹੇ ਸਨ। ਮੁਲਜ਼ਮਾਂ ’ਚੋਂ 25 ਪੁਰਸ਼ ਤੇ 12 ਔਰਤਾਂ ਹਨ। ਪੁਲਸ ਨੇ ਇਨ੍ਹਾਂ ਦੇ ਦਫ਼ਤਰ ਤੋਂ 45 ਲੈਪਟਾਪ, 45 ਹੈੱਡਫੋਨ ਮਾਈਕ, 59 ਮੋਬਾਇਲ, ਜਿਨ੍ਹਾਂ ’ਚੋਂ 23 ਦਫ਼ਤਰੀ ਤੇ 36 ਨਿੱਜੀ ਹਨ ਅਤੇ ਦਿੱਲੀ ਨੰਬਰ ਦੀ ਮਰਸਡੀਜ਼ ਕਾਰ ਬਰਾਮਦ ਕੀਤੀ ਹੈ। ਫੇਜ਼-1 ਥਾਣੇ ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਸੰਦੀਪ ਕੁਮਾਰ ਗਰਗ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਕੈਲਾਸ਼ ਟਾਵਰ ਦੇ ਇਕ ਫਲੋਰ ’ਤੇ ਜਾਅਲੀ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮਾਨਸੂਨ ਦੀ ਐਂਟਰੀ! ਭਾਰੀ ਮੀਂਹ ਦਾ ਅਲਰਟ ਜਾਰੀ, ਕਾਲੇ ਬੱਦਲਾਂ ਨੇ ਘੇਰਿਆ ਆਸਮਾਨ

ਇੱਥੇ ਵਿਦੇਸ਼ੀ ਨਾਗਰਿਕਾਂ ਦੇ ਪੇ-ਪਾਲ ਖਾਤਿਆਂ ’ਚੋਂ ਧੋਖੇਬਾਜ਼ ਲੋਕ ਪੈਸੇ ਕੱਢਵਾ ਰਹੇ ਹਨ। ਡੀ. ਐੱਸ. ਪੀ. ਸਿਟੀ 1 ਮੋਹਿਤ ਅਗਰਵਾਲ, ਫੇਜ਼-1 ਥਾਣਾ ਇੰਚਾਰਜ ਸੁਖਬੀਰ ਸਿੰਘ ਤੇ ਇੰਡਸਟਰੀਅਲ ਫੇਜ਼-8 ਚੌਂਕੀ ਇੰਚਾਰਜ ਅਭਿਸ਼ੇਕ ਸ਼ਰਮਾ ਦੀ ਨਿਗਰਾਨੀ ਹੇਠ ਟੀਮ ਨੇ ਵੈੱਬਟੈਪ ਪ੍ਰਾਈਵੇਟ ਲਿਮਟਿਡ ਦੇ ਨਾਮ ਦੇ ਕਾਲ ਸੈਂਟਰ ’ਤੇ ਛਾਪਾ ਮਾਰਿਆ ਤੇ ਸਾਰੇ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਾਂਚ ’ਚ ਸਾਹਮਣੇ ਆਇਆ ਹੈ ਕਿ ਫਰਜ਼ੀ ਕਾਲ ਸੈਂਟਰ ਦੇ ਮੁਲਾਜ਼ਮ ਪਹਿਲਾਂ ਵਿਦੇਸ਼ੀ ਨਾਗਰਿਕਾਂ ਦੇ ਬੈਂਕ ਖ਼ਾਤਿਆਂ ਨਾਲ ਜੁੜੀ ਜਾਣਕਾਰੀ ਇਕੱਠੀ ਕਰਦੇ ਸਨ ਅਤੇ ਉਨ੍ਹਾਂ ਨੂੰ ਈ-ਮੇਲ ਭੇਜਦੇ ਸਨ। ਮੇਲ ’ਚ ਚਿਤਾਵਨੀ ਦਿੱਤੀ ਜਾਂਦੀ ਸੀ ਕਿ ਤੁਹਾਡੇ ਪੇ-ਪਾਲ ਖ਼ਾਤੇ ਤੋਂ ਲੈਣ-ਦੇਣ ਕੀਤਾ ਗਿਆ ਹੈ। ਨਾਲ ਹੀ ਖ਼ਾਤਾ ਧਾਰਕ ਨੂੰ ਸਲਾਹ ਦਿੱਤੀ ਜਾਂਦੀ ਸੀ ਕਿ ਜੇਕਰ ਉਹ ਲੈਣ-ਦੇਣ ਨੂੰ ਰੋਕਣਾ ਚਾਹੁੰਦੇ ਹਨ ਤਾਂ ਕਸਟਮਰ ਕੇਅਰ ਨੂੰ ਫ਼ੋਨ ਕਰਨ। ਕਸਟਮਰ ਕੇਅਰ ਨੰਬਰ ਵੀ ਫਰਜ਼ੀ ਸੀ। ਜਿਵੇਂ ਹੀ ਖ਼ਾਤਾ ਧਾਰਕ ਕਸਟਮਰ ਕੇਅਰ ’ਤੇ ਗੱਲ ਕਰਦਾ ਸੀ ਤੇ ਦੂਜੇ ਪਾਸੇ ਵਿਅਕਤੀ ਖ਼ਾਤਾ ਧਾਰਕ ਨੂੰ ਵਿਦੇਸ਼ੀ ਨਾਗਰਿਕ ਨਾਲ ਜੋੜਦਾ ਸੀ ਅਤੇ ਕਹਿੰਦਾ ਸੀ ਕਿ ਖ਼ਾਤੇ ਤੋਂ ਗਲਤ ਟ੍ਰਾਂਜੈਕਸ਼ਨਾਂ ਨੂੰ ਰੋਕਣਾ ਹੈ ਤਾਂ ਇਕ ਗਿਫਟ ਕਾਰਡ ਓਨੇ ਹੀ ਪੈਸਿਆਂ ਦਾ ਖ਼ਰੀਦ ਲਵੋ, ਜਿੰਨੇ ਦੀ ਟ੍ਰਾਂਜੈਕਸ਼ਨ ਹੋਈ ਹੈ। ਜਦੋਂ ਕੋਈ ਵਿਦੇਸ਼ੀ ਨਾਗਰਿਕ ਜਾਲ ’ਚ ਫਸ ਜਾਂਦਾ ਸੀ ਤਾਂ ਉਨ੍ਹਾਂ ਤੋਂ ਗਿਫ਼ਟ ਕਾਰਡ ਖ਼ਰੀਦਣ ਦਾ ਕੋਡ ਪ੍ਰਾਪਤ ਕਰਕੇ ਪੇ-ਪਾਲ ਖ਼ਾਤੇ ’ਚੋਂ ਪੈਸੇ ਕੱਢ ਲੈਂਦੇ ਸਨ।

ਇਹ ਵੀ ਪੜ੍ਹੋ : ਮਾਮੇ ਦੇ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਭੈਣ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਬਣਾ ਲਈ ਵੀਡੀਓ
ਕੇਵਿਨ ਪਟੇਲ ਤੇ ਪ੍ਰਤੀਕ ਹਨ ਸਰਗਨਾ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੇਵਿਨ ਪਟੇਲ ਤੇ ਪ੍ਰਤੀਕ ਗਿਰੋਹ ਦੇ ਸਰਗਨਾ ਹਨ। ਦੱਸਿਆ ਗਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਕੀਤੀ ਜਾ ਰਹੀ ਧੋਖਾਧੜੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਦੋਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਪੁਲਸ ਮੁਲਜ਼ਮਾਂ ਤੋਂ ਪੂਰੇ ਕਾਂਡ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰ ਇਸ ਗੱਲ ਦਾ ਪਤਾ ਲਾਵੇਗੀ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕਿੰਨੇ ਪੈਸੇ ਦੀ ਧੋਖਾਧੜੀ ਕੀਤੀ ਹੈ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਅਜਿਹੇ ਫਰਜ਼ੀ ਕਾਲ ਸੈਂਟਰ ਕਿਸੇ ਹੋਰ ਥਾਂ ’ਤੇ ਖੋਲ੍ਹੇ ਹਨ ਜਾਂ ਨਹੀਂ। ਇਸ ਤਰ੍ਹਾਂ ਮੁਲਜ਼ਮਾਂ ਕੋਲੋਂ ਕੌਮਾਂਤਰੀ ਪੱਧਰ ਦੀ ਧੋਖਾਧੜੀ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਮਈ ’ਚ 2 ਫਰਜ਼ੀ ਕਾਲ ਸੈਂਟਰਾਂ ਦਾ ਹੋਇਆ ਸੀ ਪਰਦਾਫਾਸ਼
ਮੋਹਾਲੀ ’ਚ ਚਲਾਏ ਜ਼ਾਅਲੀ ਕਾਲ ਸੈਂਟਰਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਵਿਦੇਸ਼ੀ ਨਾਗਰਿਕਾਂ ਦੇ ਪੇ-ਪਾਲ ਖਾਤਿਆਂ ’ਚੋਂ ਧੋਖਾਧੜੀ ਹੋਈ ਹੋਵੇ। ਹਾਲ ਹੀ ’ਚ ਸਟੇਟ ਸਾਈਬਰ ਸੈੱਲ ਨੇ ਸੈਕਟਰ 74 ’ਚ ਚਲਾਏ ਜਾ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਖ਼ੁਲਾਸਾ ਕਰਦੇ ਹੋਏ ਮਾਮਲਾ ਦਰਜ ਕਰ 155 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ 79 ਡੈਸਕਟਾਪ ਤੇ 204 ਲੈਪਟਾਪ ਬਰਾਮਦ ਕੀਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News