ਰਾਸ਼ਨ ਕਾਰਡਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲਣ ਵਾਲੀ ਕਣਕ ’ਚ ਵੱਡਾ ਫੇਰਬਦਲ

Thursday, Jun 27, 2024 - 03:50 PM (IST)

ਰਾਸ਼ਨ ਕਾਰਡਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲਣ ਵਾਲੀ ਕਣਕ ’ਚ ਵੱਡਾ ਫੇਰਬਦਲ

ਲੁਧਿਆਣਾ (ਖੁਰਾਣਾ)- ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਕਣਕ ’ਚ ਲਗਾਤਾਰ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਦੌਰਾਨ ਮੋਦੀ ਸਰਕਾਰ ਵੱਲੋਂ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਸਿਰਫ 1 ਮਹੀਨੇ ਦਾ ਮੁਫਤ ਅਨਾਜ ਹੀ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਲਾਭਪਾਤਰ ਪਰਿਵਾਰਾਂ, ਡਿਪੂ ਹੋਲਡਰਾਂ, ਇਥੋਂ ਤੱਕ ਕਿ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਚ ਦੁਵਿਧਾ ਦਾ ਮਾਹੌਲ ਬਣਿਆ ਹੋਇਆ ਹੈ।

ਕਾਬਿਲ-ਏ-ਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ 6 ਮਹੀਨਿਆਂ ਦਾ ਇਕੱਠਾ ਅਨਾਜ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਯੋਜਨਾ ’ਚ ਫੇਰਬਦਲ ਕਰਦੇ ਹੋਏ ਲਾਭਪਾਤਰ ਪਰਿਵਾਰਾਂ ਨੂੰ 3 ਮਹੀਨੇ ਦਾ ਮੁਫਤ ਅਨਾਜ ਦੇਣ ਦਾ ਖਾਕਾ ਤਿਆਰ ਕੀਤਾ ਸੀ, ਜਦੋਂਕਿ ਇਸ ਤੋਂ ਬਾਅਦ ਦੇਸ਼ ਭਰ ’ਚ ਹੋਈਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਸ਼ਨ ਕਾਰਡਧਾਰਕਾਂ ਨੂੰ 2 ਮਹੀਨਿਆਂ ਦਾ ਮੁਫਤ ਅਨਾਜ ਦਿੱਤਾ ਗਿਆ ਅਤੇ ਹੁਣ ਯੋਜਨਾ ਤਹਿਤ ਲੱਖਾਂ ਪਰਿਵਾਰਾਂ ਨੂੰ ਸਿਰਫ 1 ਮਹੀਨੇ ਦਾ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ, ਜੋ ਪੰਜਾਬ ਦੇ 40 ਲੱਖ ਦੇ ਕਰੀਬ ਰਾਸ਼ਨ ਕਾਰਡਧਾਰਕਾਂ ਨਾਲ ਜੁੜੇ ਕਰੀਬ 1.70 ਕਰੋੜ ਮੈਂਬਰਾਂ ਲਈ ਸਰਕਾਰ ਵੱਲੋਂ ਦਿੱਤਾ ਵੱਡਾ ਝਟਕਾ ਸਾਬਤ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਹੋਈ ਬਾਰਿਸ਼ ਨਾਲ ਮਿਲੀ ਗਰਮੀ ਤੋਂ ਮਿਲੀ ਰਾਹਤ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਇਸ ਕਾਰਨ ਪੂਰੇ ਪੰਜਾਬ ਦੇ ਰਾਸ਼ਨ ਕਾਰਡਧਾਰਕ, ਡਿਪੂ ਹੋਲਡਰ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਚਿੰਤਾ ’ਚ ਡੁੱਬੇ ਦਿਖਾਈ ਦੇ ਰਹੇ ਹਨ, ਜਿਸ ਸਬੰਧੀ ਹਰ ਕੋਈ ਵੱਖ-ਵੱਖ ਤਰਕ ਦੇ ਰਿਹਾ ਹੈ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ 1 ਸਾਲ ’ਚ 12 ਵਾਰ ਅਨਾਜ ਗੋਦਾਮਾਂ ਤੋਂ ਰਾਸ਼ਨ ਡਿਪੂਆਂ ਤੱਕ ਕਣਕ ਲੋਡਿੰਗ, ਅਨਲੋਡਿੰਗ, ਟ੍ਰਾਂਸਪੋਰਟੇਸ਼ਨ, ਮਾਲ-ਭਾੜਾ ਅਤੇ ਠੇਕੇਦਾਰਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰ ਰਹੇ ਹਨ। ਡਿਪੂ ਹੋਲਡਰ ਕਿਰਾਏ ਦੀਆਂ ਦੁਕਾਨਾਂ ’ਤੇ ਚੱਲ ਰਹੇ ਰਾਸ਼ਨ ਡਿਪੂਆਂ ਦਾ ਕਿਰਾਇਆ ਨਾ ਨਿਕਲਣ ਦੀ ਸੂਰਤ ’ਚ ਬੇਰੋਜ਼ਗਾਰੀ ਦੀ ਮਾਰ ਪੈਣ ਦੀ ਦੁਹਾਈ ਦੇ ਰਹੇ ਹਨ, ਜਦੋਂਕਿ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਲਾਭਪਾਤਰ ਪਰਿਵਾਰ, ਖਾਸ ਕਰ ਕੇ ਪ੍ਰਵਾਸੀ ਮਜ਼ਦੂਰ ਸਿਰਫ 5 ਕਿਲੋ ਕਣਕ ਲਈ ਦਿਹਾੜੀ ਤੋੜ ਕੇ ਰਾਸ਼ਨ ਡਿਪੂਆਂ ’ਤੇ ਲੰਬੀਆਂ ਲਾਈਨਾਂ ਦਾ ਹਵਾਲਾ ਦਿੰਦੇ ਹੋਏ ਹੁਣ ਤੋਂ ਹੀ ਡਰਨ ਲੱਗੇ ਹਨ।

ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਯੋਜਨਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ’ਚ ਦਰਜ ਹਰ ਮੈਂਬਰ ਨੂੰ 1 ਮਹੀਨੇ ਦੀ 5 ਕਿਲੋ ਮੁਫਤ ਕਣਕ ਦਿੱਤੀ ਜਾ ਰਹੀ ਹੈ, ਜਦੋਂਕਿ ਇਸ ਤੋਂ ਪਹਿਲਾਂ 6 ਮਹੀਨਿਆਂ ਬਾਅਦ ਇਕ ਮੈਂਬਰ ਨੂੰ 30 ਕਿੱਲੋ ਮੁਫ਼ਤ ਕਣਕ ਮਿਲਦੀ ਰਹੀ ਹੈ।

ਵਿਭਾਗ ਦੀ ਕੰਟ੍ਰੋਲਰ ਸ਼ਿਫਾਲੀ ਚੋਪੜਾ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ 3 ਵੱਖ-ਵੱਖ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਪਹਿਲੇ ਨੰਬਰ ’ਤੇ ਰਾਸ਼ਨ ਕਾਰਡਧਾਰਕਾਂ ਦੀ ਰੀ-ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਲਾਭਪਾਤਰ ਪਰਿਵਾਰ ਦੇ ਹਰ ਮੈਂਬਰ ਨੂੰ ਈ. ਕੇ. ਵਾਈ. ਸੀ. ਯੋਜਨਾ ਦੇ ਸਾਂਚੇ ’ਚ ਢਾਲਿਆ ਜਾ ਰਿਹਾ ਹੈ ਤਾਂ ਨਾਲ ਹੀ ਕਣਕ ਦੀ ਵੰਡ ਦਾ ਕੰਮ ਵੀ ਨਿਰਧਾਰਿਤ ਸਮੇਂ ’ਚ ਮੁਕੰਮਲ ਕਰਨ ’ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News