ਗੁਰਬਤ ''ਚੋਂ ਉੱਠੇ ਗ਼ਰੀਬ ਪਰਿਵਾਰ ਦੀ ਧੀ ਨੇ ਕੀਤਾ ਕਮਾਲ, ਬਣੀ ਸਬ-ਇੰਸਪੈਕਟਰ
Tuesday, Jun 16, 2020 - 05:26 PM (IST)
ਕੁਰਾਲੀ (ਬਠਲਾ) : ਪਿੰਡ ਸੁਹਾਲੀ ਦੇ ਸਵ. ਕੁਲਵਿੰਦਰ ਸਿੰਘ ਦੀ ਧੀ ਰੇਸ਼ਮ ਕੌਰ ਦੀ ਰੇਲਵੇ ਪੁਲਸ ਵਿਚ ਸਬ-ਇੰਸਪੈਕਟਰ ਵਜੋਂ ਨਿਯੁਕਤੀ ਹੋਣ ਨਾਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਰੇਸ਼ਮ ਕੌਰ ਦੀ ਮਾਤਾ ਜਗਮੋਹਨ ਕੌਰ ਨੇ ਦੱਸਿਆ ਕਿ ਉਸ ਦਾ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਪਤੀ ਕੁਲਵਿੰਦਰ ਸਿੰਘ ਜੋ ਕਿ ਮਜ਼ਦੂਰੀ ਕਰਦੇ ਸਨ ਦੀ ਮੌਤ ਮਗਰੋਂ ਉਸ ਨੇ ਘਰ ਵਿਚ ਗੁਰਬਤ ਹੋਣ ਕਰਕੇ ਆਪਣੇ ਬੱਚਿਆਂ ਨੂੰ ਬਹੁਤ ਹੀ ਮੁਸ਼ਕਿਲ ਨਾਲ ਪਾਲਿਆ ਅਤੇ ਪੜ੍ਹਾਈ ਕਰਵਾਈ ਅਤੇ ਹੁਣ ਆਪ ਵੀ ਉਹ ਪਿੰਡ ਦੇ ਸਰਕਾਰੀ ਸਕੂਲ ਵਿਚ ਮਿਡ-ਡੇ ਮੀਲ ਬਣਾਉਣ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ
ਜਗਮੋਹਨ ਕੌਰ ਨੇ ਦੱਸਿਆ ਕਿ ਉਸ ਦੀ ਧੀ ਰੇਸ਼ਮ ਕੌਰ ਸਾਰੀਆਂ ਜਮਾਤਾਂ ਵਿਚ ਅੱਵਲ ਦਰਜੇ ਨਾਲ ਪਾਸ ਹੁੰਦੀ ਰਹੀ ਹੈ ਅਤੇ ਹੁਣ ਰੇਲਵੇ ਪੁਲਸ ਵਿਚ ਉਸ ਵਲੋਂ ਪਹਿਲਾਂ ਲਿਖਤੀ ਟੈਸਟ ਅਤੇ ਮਗਰੋਂ ਫ਼ਿਜ਼ੀਕਲ ਟੈਸਟ ਪਾਸ ਕਰਨ ਉਪਰੰਤ ਉਹ ਪੰਜਾਬ ਵਲੋਂ ਇਕੋ-ਇਕ ਲੜਕੀ ਦੇ ਤੌਰ 'ਤੇ ਸਬ ਇੰਸਪੈਕਟਰ ਦੇ ਅਹੁਦੇ ਲਈ ਨਿਯੁਕਤ ਹੋਈ ਹੈ। ਪਿੰਡ ਦੇ ਇਸ ਗਰੀਬ ਪਰਿਵਾਰ ਦੀ ਹੋਣਹਾਰ ਧੀ ਦੇ ਰੇਲਵੇ ਪ੍ਰੋਟੈਕਸ਼ਨ ਫ਼ੋਰਸ ਵਿਚ ਸਬ ਇੰਸਪੈਕਟਰ ਦੇ ਤੌਰ 'ਤੇ ਭਰਤੀ ਹੋਣ ਨਾਲ ਪਿੰਡ ਵਾਸੀਆਂ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦਾ ਵੱਡਾ ਬਿਆਨ, ਭਾਜਪਾ ਸਮੇਤ ਅਕਾਲੀ ਦਲ ਨੂੰ ਦਿੱਤਾ ਝਟਕਾ