ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
Friday, Aug 16, 2024 - 11:37 PM (IST)
ਲੁਧਿਆਣਾ (ਸਹਿਗਲ)- ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਵਿਚ ਦੋ ਪੁਲਸ ਮੁਲਾਜ਼ਮਾਂ ਵੱਲੋਂ ਅੰਦਰ ਜਾਣ ਤੋਂ ਰੋਕਿਆ ਗਿਆ ਸੀ। ਇਸ ਮਾਮਲੇ 'ਚ ਪੁਲਸ ਕਮਿਸ਼ਨਰ ਨੇ ਦੋਵੇਂ ਪੁਲਸ ਮੁਲਾਜ਼ਮਾਂ ਸਬ-ਇੰਸਪੈਕਟਰ ਜਸਪਾਲ ਸਿੰਘ ਅਤੇ ਏ.ਐੱਸ.ਆਈ. ਜਸਪਾਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਕੇ ਉਨ੍ਹਾਂ ਨੂੰ ਲਾਈਨ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਦੋਵੇਂ ਪੁਲਸ ਮੁਲਾਜ਼ਮਾਂ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਵਧੀਕ ਡਿਪਟੀ ਕਮਿਸ਼ਨਰ ਪੁਲਸ ਰਮਨਦੀਪ ਸਿੰਘ ਭੁੱਲਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਹ ਆਜ਼ਾਦੀ ਦਿਵਸ ਸਮਾਗਮ ’ਤੇ ਹੋਏ ਪ੍ਰੋਗਰਾਮ ਵਿਚ ਪ੍ਰਸ਼ਾਸਨ ਵੱਲੋਂ ਭੇਜੇ ਗਏ ਸੱਦਾ ਪੱਤਰ, ਜਿਸ ਦਾ ਕਾਰਡ ਨੰਬਰ 962 ਸੀ, ਦੇ ਨਾਲ ਹਿੱਸਾ ਲੈਣ ਲਈ ਪੁੱਜੇ ਸਨ ਪਰ ਵੀ.ਆਈ.ਪੀ. ਗੇਟ ’ਤੇ ਤਾਇਨਾਤ ਦੋਵੇਂ ਪੁਲਸ ਮੁਲਾਜ਼ਮਾਂ ਨੇ ਨਾ ਸਿਰਫ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ, ਸਗੋਂ ਉਨ੍ਹਾਂ ਦੇ ਨਾਲ ਮਾੜਾ ਸਲੂਕ ਕਰਦੇ ਹੋਏ ਉਨ੍ਹਾਂ ਦੀ ਬਾਂਹ ਫੜ ਕੇ ਇਕ ਪਾਸੇ ਕਰ ਦਿੱਤਾ। ਮੌਕੇ ‘ਤੇ ਉਨ੍ਹਾਂ ਨੇ ਸੱਦਾ ਪੱਤਰ ਦੇ ਨਾਲ ਆਪਣਾ ਆਈ.ਡੀ. ਕਾਰਡ ਵੀ ਦਿਖਾਇਆ ਪਰ ਉਹ ਨਹੀਂ ਮੰਨੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਸੰਗਤਾਂ ਨੇ ਦੋਸ਼ੀ ਦਾ ਰੱਜ ਕੇ ਚਾੜ੍ਹਿਆ ਕੁਟਾਪਾ
ਇਸ ਤੋਂ ਅੱਗੇ ਸਿਵਲ ਸਰਜਨ ਨੇ ਕਿਹਾ ਕਿ ਉਹ ਉੱਥੇ ਹੀ ਆਪਣੀ ਗੱਡੀ ਵਿਚ ਬੈਠ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਉਕਤ ਪੁਲਸ ਮੁਲਾਜ਼ਮ ਕਈ ਲੋਕਾਂ ਨੂੰ ਬਿਨਾਂ ਜਾਂਚ ਦੇ ਅੰਦਰ ਜਾਣ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗੱਡੀ ਵਿਚ ਬੈਠ ਕੇ ਹੀ ਸਾਰਾ ਪ੍ਰੋਗਰਾਮ ਸੁਣਿਆ ਅਤੇ ਕੌਮੀ ਗੀਤ ਮੌਕੇ ਆਪਣੀ ਗੱਡੀ ਦੇ ਬਾਹਰ ਖੜ੍ਹੇ ਹੋ ਗਏ। ਬਾਅਦ ਵਿਚ ਉਨ੍ਹਾਂ ਨੇ ਡੀ.ਸੀ. ਸਾਕਸ਼ੀ ਸਾਹਨੀ ਨੂੰ ਪੱਤਰ ਲਿਖ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਡੀ.ਸੀ. ਨੇ ਪੁਲਸ ਕਮਿਸ਼ਨਰ ਨੂੰ ਲਿਖਤੀ ਰੂਪ ਨਾਲ ਸਾਰੀ ਜਾਣਕਾਰੀ ਦਿੱਤੀ।
ਪੁਲਸ ਕਮਿਸ਼ਨਰ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਘਟਨਾ ਨਾਲ ਪੀ.ਸੀ.ਐੱਮ.ਐੱਸ. ਜਥੇਬੰਦੀ ਵਿਚ ਗਹਿਰਾ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਵਲ ਸਰਜਨ ਅਹੁਦੇ ਦੇ ਮਾਣ ਨੂੰ ਸੱਟ ਮਾਰਨ ਵਾਲੀ ਗੱਲ ਹੈ। ਐਸੋਸੀਏਸ਼ਨ ਇਸ ’ਤੇ ਡੂੰਘਾ ਰੋਸ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਭੇਜੇ ਗਏ ਵੀ.ਆਈ.ਪੀ. ਕਾਰਡ ਤੋਂ ਇਲਾਵਾ ਸਿਵਲ ਸਰਜਨ ਨੇ ਆਪਣਾ ਸ਼ਨਾਖਤੀ ਕਾਰਡ ਵੀ ਦਿਖਾਇਆ, ਪਰ ਮੌਕੇ ‘ਤੇ ਤਾਇਨਾਤ ਪੁਲਸ ਮੁਲਾਜ਼ਮ ਦੁਰਵਿਵਹਾਰ ਕਰਦੇ ਰਹੇ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਸ ਸਮਾਗਮ ਵਿਚ ਸ਼ਾਮਲ ਨਹੀਂ ਹੋਣ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e