ਪੁਲਸ ਦੀਆਂ ਮਿੰਨਤਾਂ ਕਰਦੀ ਰਹੀ ਕੁੜੀ ਪਰ ਇਕ ਨਾ ਮੰਨੀ, ਪਿਓ ਨੂੰ ਹਿਰਾਸਤ ''ਚ ਲੈ ਦੁਕਾਨ ਦਾ ਸਾਮਾਨ ਕੱਢਿਆ ਬਾਹਰ
Friday, Oct 28, 2022 - 05:44 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਸ਼ਹਿਰ ਦੇ ਅੰਦੂਰਨੀ ਬਾਜ਼ਾਰ ਸਿਨੇਮਾ ਰੋਡ 'ਤੇ ਵੀਰਵਾਰ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਪੁਲਸ ਵੱਲੋਂ ਸਾਲਾਂ ਤੋਂ ਕਾਬਜ਼ ਦਰਜੀ ਨੂੰ ਦੁਕਾਨ ਖਾਲੀ ਕਰਨ ਲਈ ਕਾਰਵਾਈ ਕੀਤੀ ਗਈ। ਉਥੇ ਹੀ ਕਿਰਾਏਦਾਰ ਵੱਲੋਂ ਵਿਰੋਧ ਕਰਨ 'ਤੇ ਪੁਲਸ ਵੱਲੋਂ ਸਖਤੀ ਕਰਦਿਆਂ ਉਸ ਨੂੰ ਹਿਰਾਸਤ 'ਚ ਲਿਆ ਗਿਆ, ਜਦਕਿ ਪਰਿਵਾਰ ਸਮਾਂ ਮੰਗਦਾ ਰਿਹਾ ਪਰ ਪੁਲਸ ਪ੍ਰਸ਼ਾਸਨ ਨੇ ਇਕ ਨਹੀਂ ਸੁਣੀ ਅਤੇ ਅਦਾਲਤ ਦੇ ਆਦੇਸ਼ਾਂ ਅਨੁਸਾਰ ਦੁਕਾਨ ਖਾਲੀ ਕਰਵਾ ਦਿੱਤੀ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ ਔਰਤ ਦੀ ਮੌਤ, ਮਾਸੂਮ ਬੱਚੀ ਸਮੇਤ ਇਕ ਮਹਿਲਾ ਜ਼ਖ਼ਮੀ
ਉਥੇ ਹੀ ਕਿਰਾਏਦਾਰ ਦਰਜੀ ਰਾਜ ਕੁਮਾਰ ਮੁਤਾਬਕ ਉਸ ਦਾ ਦੁਕਾਨ ਮਾਲਕ ਨਾਲ ਅਦਾਲਤ 'ਚ ਕੇਸ ਚੱਲ ਰਿਹਾ ਸੀ, ਭਾਵੇਂ ਉਹ ਬਟਾਲਾ ਅਦਾਲਤ ਤੋਂ ਕੇਸ ਹਾਰ ਚੁੱਕਾ ਹੈ ਪਰ ਉਸ ਨੇ ਮਾਣਯੋਗ ਹਾਈ ਕੋਰਟ 'ਚ ਸਟੇਅ ਲਈ ਅਪੀਲ ਕੀਤੀ ਹੋਈ ਹੈ, ਜਿਸ ਦੀ ਅਦਾਲਤ ਵੱਲੋਂ ਤਾਰੀਖ ਜਨਵਰੀ ਮਹੀਨੇ ਦੀ ਤੈਅ ਹੈ ਪਰ ਅੱਜ ਉਸ 'ਤੇ ਦਬਾਅ ਬਣਾਇਆ ਗਿਆ। ਦੁਕਾਨ ਖਾਲੀ ਕਰਨ 'ਤੇ ਜਦੋਂ ਪੁਲਸ ਪਾਰਟੀ ਦਾ ਵਿਰੋਧ ਕੀਤਾ ਗਿਆ ਤਾਂ ਪੁਲਸ ਨੇ ਰਾਜ ਕੁਮਾਰ ਤੇ ਉਸ ਦੇ ਬੇਟੇ ਨੂੰ ਹਿਰਾਸਤ 'ਚ ਲਿਆ। ਪੀੜਤ ਪਰਿਵਾਰ ਆਪਣਾ ਪੱਖ ਦੱਸਦਾ ਰਿਹਾ ਅਤੇ ਸਮੇਂ ਦੀ ਮੰਗ ਕਰਦਾ ਰਿਹਾ ਤੇ ਦਰਜੀ ਦੀ ਕੁੜੀ ਵੀ ਕਾਫੀ ਮਿੰਨਤਾਂ-ਤਰਲੇ ਕਰਦੀ ਰਹੀ ਪਰ ਪੁਲਸ ਪ੍ਰਸ਼ਾਸਨ ਨੇ ਦੁਕਾਨ ਖਾਲੀ ਕਰਨ ਦੀ ਕਾਰਵਾਈ ਜਾਰੀ ਰੱਖੀ।
ਇਹ ਵੀ ਪੜ੍ਹੋ : ਨਵ-ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼
ਉਥੇ ਹੀ ਬਟਾਲਾ ਕੋਰਟ ਤੋਂ ਪੁਲਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨ ਖਾਲੀ ਕਰਨ ਦੇ ਮਾਣਯੋਗ ਅਦਾਲਤ ਨੂੰ ਰਿਪੋਰਟ ਦੇਣ ਦੇ ਆਦੇਸ਼ ਹਨ ਅਤੇ ਉਹ ਉਸ ਅਨੁਸਾਰ ਸਥਾਨਕ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਅਦਾਲਤ ਦੀ ਕਾਰਵਾਈ ਕਰ ਰਹੇ ਹਨ, ਜਦਕਿ ਰਾਜ ਕੁਮਾਰ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਗੈਰ-ਕਾਨੂੰਨੀ ਹੈ ਕਿਉਂਕਿ ਉਸ ਕੋਲ ਕੋਈ ਸਟੇਅ ਆਰਡਰ ਨਹੀਂ ਹੈ। ਉਧਰ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਲਲਿਤ ਕੁਮਾਰ ਦਾ ਕਹਿਣਾ ਸੀ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।