ਪੁਲਸ ਵੱਲੋਂ ਵੱਡੇ ਪੱਧਰ ''ਤੇ ਭਾਲ, ਅਜੇ ਨਹੀਂ ਮਿਲੀ ਲਾਸ਼

03/09/2018 2:12:58 AM

ਮੋਗਾ,  (ਆਜ਼ਾਦ)-  ਮਾਮੇ ਦੇ ਪੁੱਤਰ ਨੇ ਆਪਣੀ ਭੈਣ ਨੂੰ ਮੈਸੇਜ ਭੇਜਣ ਦੇ ਸ਼ੱਕ 'ਚ ਭੂਆ ਦੇ ਪੁੱਤਰ ਦਾ ਦੋਸਤਾਂ ਨਾਲ ਮਿਲ ਕੇ ਬੀਤੇ ਦਿਨੀਂ ਕਤਲ ਕਰ ਦਿੱਤਾ ਸੀ। ਮੋਗਾ ਜ਼ਿਲੇ ਦੇ ਉਚ ਪੁਲਸ ਅਧਿਕਾਰੀਆਂ ਤੇ ਬਾਘਾਪੁਰਾਣਾ ਪੁਲਸ ਵੱਲੋਂ ਲਾਸ਼ ਲੱਭਣ ਲਈ ਸਿਰਤੋੜ ਯਤਨ ਜਾਰੀ ਹਨ। ਅੱਜ ਵੀ ਚੰਨੂਵਾਲਾ ਪੁਲ ਦੇ ਆਸ-ਪਾਸ ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਲਾਸ਼ ਲੱਭਣ ਲਈ ਸਾਰਾ ਦਿਨ ਕੋਸ਼ਿਸ਼ ਕੀਤੀ ਪਰ ਆਖਰੀ ਖਬਰ ਮਿਲਣ ਤੱਕ ਲਾਸ਼ ਨਹੀਂ ਮਿਲੀ ਸੀ।
ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਜੇ ਕੁਮਾਰ (26) ਦੇ ਨਾਨਕੇ ਬਾਘਾਪੁਰਾਣਾ 'ਚ ਹਨ। ਅਜੇ ਕੁਮਾਰ ਦੇ ਮਾਮੇ ਦੇ ਲੜਕੇ ਵਿਜੇ ਕੁਮਾਰ ਨੂੰ ਸ਼ੱਕ ਹੋਇਆ ਕਿ ਅਜੇ ਉਸ ਦੀ ਭੈਣ ਨੂੰ ਮੋਬਾਇਲ 'ਤੇ ਗਲਤ ਮੈਸੇਜ ਭੇਜਦਾ ਹੈ। ਇਸ ਸ਼ੱਕ ਕਾਰਨ ਵਿਜੇ ਕੁਮਾਰ ਆਪਣੇ ਦੋ ਦੋਸਤਾਂ ਨਾਲ ਅਜੇ ਨੂੰ ਮਿਲਣ ਲੁਧਿਆਣਾ ਚਲਾ ਗਿਆ, ਜਿਥੇ ਉਹ ਉਨ੍ਹਾਂ ਨੂੰ ਘਰ 'ਚ ਨਹੀਂ ਮਿਲਿਆ, ਜਿਸ ਕਾਰਨ ਵਿਜੇ ਨੇ ਉਸ ਨੂੰ ਫੋਨ ਕਰ ਕੇ ਮਿਲਣ ਲਈ ਸੱਦਿਆ। ਫੋਨ ਆਉਣ ਤੋਂ ਬਾਅਦ ਅਜੇ ਆਪਣੇ ਇਕ ਹੋਰ ਦੋਸਤ ਮਨਮੋਹਨ ਸ਼ਰਮਾ ਨਾਲ ਵਿਜੇ ਨੂੰ ਮਿਲਣ ਚਲਾ ਗਿਆ। ਉਸ ਤੋਂ ਬਾਅਦ ਅਜੇ ਕਾਫੀ ਦੇਰ ਤੱਕ ਘਰ ਨਹੀਂ ਆਇਆ। ਅਜੇ ਦੇ ਮਾਤਾ-ਪਿਤਾ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸਾਰੀ ਰਾਤ ਉਹ ਘਰ ਨਾ ਆਇਆ। ਅਗਲੇ ਦਿਨ ਸਵੇਰੇ ਸਾਢੇ 10 ਵਜੇ ਦੇ ਕਰੀਬ ਉਸ ਦਾ ਦੋਸਤ ਮਨਮੋਹਨ ਸ਼ਰਮਾ ਲੁਧਿਆਣਾ ਪੁੱਜਿਆ। ਮਨਮੋਹਨ ਨੇ ਅਜੇ ਦੇ ਪਿਤਾ ਜਸਵਿੰਦਰ ਕੁਮਾਰ ਨੂੰ ਦੱਸਿਆ ਕਿ ਅਜੇ ਦੇ ਮਾਮੇ ਦੇ ਲੜਕੇ ਵਿਜੇ ਕੁਮਾਰ ਪੁੱਤਰ ਬੇਅੰਤ ਰਾਜ ਅਤੇ ਉਸ ਦੇ ਦੋਸਤ ਫਤਿਹ ਸਿੰਘ ਅਤੇ ਬਿੱਟੂ ਸਿੰਘ ਉਰਫ ਬੁੱਟਰ ਪੁੱਤਰ ਗੁਰਦੇਵ ਸਿੰਘ ਤਿੰਨੋਂ ਅਜੇ ਨੂੰ ਹੈਬੋਵਾਲ ਦੀ ਖੁੱਲ੍ਹੀ ਗਰਾਊਂਡ 'ਚ ਲੈ ਗਏ, ਜਿਥੇ ਉਨ੍ਹਾਂ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਸਾਡੇ ਦੋਵਾਂ (ਅਜੇ ਤੇ ਮਨਮੋਹਨ) ਦੇ ਮੋਬਾਇਲ ਵੀ ਬੰਦ ਕਰ ਦਿੱਤੇ।
ਇਸ ਤੋਂ ਬਾਅਦ ਵਿਜੇ ਤੇ ਉਸ ਦੇ ਸਾਥੀ ਅਜੇ ਨੂੰ ਵਿਜੇ ਦੀ ਕਾਰ 'ਚ ਬਿਠਾ ਕੇ ਬੁੱਢਾ ਨਾਲਾ (ਲੁਧਿਆਣਾ) ਕੋਲ ਲੈ ਗਏ, ਜਿਥੇ ਅਜੇ ਨੂੰ ਨੰਗਾ ਕਰ ਕੇ ਉਸ ਦੀ ਬੈਲਟਾਂ ਨਾਲ ਕੁੱਟ-ਮਾਰ ਕੀਤੀ। ਮਨਮੋਹਨ ਨੇ ਦੱਸਿਆ ਕਿ ਵਿਜੇ ਕੁਮਾਰ ਤੇ ਉਸ ਦੇ ਸਾਥੀਆਂ ਨੇ ਮੈਨੂੰ ਵੀ ਡਰਾਇਆ-ਧਮਕਾਇਆ ਅਤੇ ਮੇਰੇ ਤੋਂ ਵੀ ਅਜੇ ਕੁਮਾਰ ਦੀ ਕੁੱਟ-ਮਾਰ ਕਰਵਾਈ। ਇਹ ਹੀ ਨਹੀਂ ਤਿੰਨੋਂ ਦੋਸ਼ੀਆਂ ਨੇ ਉਸ ਦੀ ਮੋਬਾਇਲ 'ਤੇ ਅਸ਼ਲੀਲ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਤਿੰਨੋਂ ਦੋਸ਼ੀ ਅਜੇ ਕੁਮਾਰ ਅਤੇ ਮੈਨੂੰ ਬਾਘਾਪੁਰਾਣਾ ਕੋਲ ਚੰਨੂੰਵਾਲਾ ਨਹਿਰ ਦੀ ਪਟੜੀ 'ਤੇ ਲੈ ਗਏ, ਜਿਥੇ ਅਜੇ ਨੂੰ ਕਾਰ 'ਚੋਂ ਬਾਹਰ ਕੱਢ ਕੇ ਉਸ 'ਤੇ ਕੈਂਚੀ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ। ਇਸ ਦੌਰਾਨ ਮਨਮੋਹਨ ਉਥੋਂ ਭੱਜ ਨਿਕਲਿਆ।
ਥਾਣਾ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ ਨੇ ਮ੍ਰਿਤਕ ਅਜੇ ਕੁਮਾਰ ਦੇ ਪਿਤਾ ਜਸਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਜੇ ਦੇ ਮਮੇਰੇ ਭਰਾ ਵਿਜੇ ਕੁਮਾਰ ਪੁੱਤਰ ਬੇਅੰਤ ਰਾਜ, ਉਸ ਦੇ ਦੋਸਤ ਫਤਿਹ ਸਿੰਘ ਪੁੱਤਰ ਕਰਨੈਲ ਸਿੰਘ ਦੋਨੋਂ ਨਿਵਾਸੀ ਬਾਘਾਪੁਰਾਣਾ ਅਤੇ ਬਿੱਟੂ ਉਰਫ ਬੁੱਟਰ ਪੁੱਤਰ ਗੁਰਦੇਵ ਸਿੰਘ ਨਿਵਾਸੀ ਹੈਬੋਵਾਲ (ਲੁਧਿਆਣਾ) ਖਿਲਾਫ ਕਤਲ, ਅਗਵਾ, ਲਾਸ਼ ਨੂੰ ਖੁਰਦ-ਬੁਰਦ ਕਰਨ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News