2 ਵੱਡੇ ਸ਼ਾਟਸ ਅਤੇ 15 ਦੌੜਾਂ ਪ੍ਰਤੀ ਓਵਰ ਦੇ ਫਾਰਮੂਲੇ ਨਾਲ ਮਿਲੀ ਜਿੱਤ : ਗਿੱਲ
Thursday, Apr 11, 2024 - 08:09 PM (IST)
ਜੈਪੁਰ- ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁੱਭਮਨ ਗਿੱਲ ਨੇ ਕਿਹਾ ਕਿ ਆਖਰੀ 3 ਓਵਰਾਂ ’ਚ 2 ਵੱਡੇ ਸ਼ਾਟਸ ਦੇ ਨਾਲ 15 ਦੌੜਾਂ ਪ੍ਰਤੀ ਓਵਰ ਬਣਾਉਣ ਦੇ ਫਾਰਮੂਲੇ ਨਾਲ ਟੀਮ ਨੂੰ ਜਿੱਤ ਮਿਲੀ। ਮੈਚ ਤੋਂ ਬਾਅਦ ਗਿੱਲ ਨੇ ਕਿਹਾ ਕਿ ਅਸੀਂ ਟਾਰਗੈੱਟ ਕਰ ਰਹੇ ਸੀ ਕਿ ਆਖਰੀ 3 ਓਵਰਾਂ ’ਚ ਬੱਸ 45 ਦੌੜਾਂ ਰਹਿਣ ਕਿਉਂਕਿ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
15 ਦੌੜਾਂ ਪ੍ਰਤੀ ਓਵਰ ਦਾ ਮਤਲਬ ਹੈ ਕਿ ਤੁਹਾਨੂੰ ਇਕ ਓਵਰ ’ਚ 2 ਵੱਡੀਆਂ ਹਿੱਟਸ ਚਾਹੀਦੀਆਂ ਹਨ। ਉਸ ਸਮੇਂ ਸਾਡਾ ਮਾਈਂਡ ਸੈੱਟ ਇਹੀ ਸੀ। ਗਣਿਤ ਦੇ ਤੌਰ ’ਤੇ ਦੇਖੀਏ ਤਾਂ ਇਸ ਤਰ੍ਹਾਂ ਪਿੱਚ ’ਤੇ ਟਿਕੇ ਦੋਨੋਂ ਬੱਲੇਬਾਜ਼ਾਂ ਨੂੰ 9-9 ਗੇਂਦਾਂ ’ਤੇ 22-22 ਦੌੜਾਂ ਬਣਾਉਣੀਆਂ ਹੁੰਦੀਆਂ ਹਨ। ਇਹ ਜ਼ਿਆਦਾ ਮੁਸ਼ਕਿਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ਦੋਨੋਂ ਬੱਲੇਬਾਜ਼ਾਂ ਨੂੰ ਆਪਣੀਆਂ 9 ਗੇਂਦਾਂ ’ਚੋਂ 3 ਵੱਡੇ ਹਿੱਟ ਲਗਾਉਣੇ ਹੁੰਦੇ ਹਨ। ਉੱਥੇ ਹੀ ਕੋਈ ਬੱਲੇਬਾਜ਼ ਆਊਟ ਹੋ ਕੇ ਖੇਡਣ ਜਾ ਰਿਹਾ ਹੈ ਤਾਂ ਕੁਝ ਗੇਂਦ ਪਹਿਲਾਂ ਵੀ ਮੈਚ ਖਤਮ ਹੋ ਸਕਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਹਾਲਾਤ ਤੁਹਾਡੇ ਲਈ ਆਸਾਨ ਹੁੰਦੇ ਹਨ। ਉਸ ਨੇ ਕਿਹਾ ਕਿ ਮੈਂ ਖੁਦ ਹੀ ਮੈਚ ਖਤਮ ਕਰਨਾ ਚਾਹੁੰਦਾ ਸੀ ਪਰ ਮੈਂ ਖੁਸ਼ ਹਾਂ ਕਿ ਸਾਡੇ ਲਈ ਰਾਸ਼ਿਦ ਖਾਨ ਅਤੇ ਰਾਹੁਲ ਤੇਵਤੀਆ ਨੇ ਮੈਚ ਨੂੰ ਖਤਮ ਕੀਤਾ। ਅਸੀਂ ਪੂਰੇ ਮੈਚ ਦੌਰਾਨ ਪਿੱਛੇ ਸੀ ਪਰ ਮੈਂ ਖੁਸ਼ ਹਾਂ ਕਿ ਅਸੀਂ ਆਖਰੀ ਗੇਂਦ ’ਤੇ ਜਿੱਤਦੇ ਹੋਏ ਮੈਚ ਨੂੰ ਖਤਮ ਕੀਤਾ।
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਟੀਚੇ ਦਾ ਪਿੱਛਾ ਕਰਦੇ ਹੋਏ 16 ਮੁਕਾਬਲੇ ਜਿੱਤਣ ਵਾਲੀ ਗੁਜਰਾਤ ਟਾਈਟਨਸ ਨੂੰ ਚੇਜ਼ ਮਾਸਟਰ ਕਿਹਾ ਜਾ ਸਕਦਾ ਹੈ। ਜ਼ਿਆਦਾਤਰ ਵਾਰ ਗੁਜਰਾਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਲਗਭਗ ਹਾਰੇ ਹੋਏ ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਬੁੱਧਵਾਰ ਰਾਤ ਰਾਜਸਥਾਨ ਰਾਇਲਸ ਖਿਲਾਫ ਮੁਕਾਬਲੇ ’ਚ ਵੀ ਉਨ੍ਹਾਂ ਨੇ ਉਕਤ ਕਾਰਨਾਮਾ ਕੀਤਾ। ਉਸ ਦੇ 8 ਮੈਚਾਂ ’ਚ ਇਹ ਚੌਥੀ ਵਾਰ ਹੈ, ਜਦੋਂ ਗੁਜਰਾਤ ਦੀ ਟੀਮ ਨੇ ਆਖਰੀ ਓਵਰਾਂ ’ਚ ਘੱਟੋ-ਘੱਟ 15 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ ਹੋਵੇ।