ਲੋਕਾਂ ਨੇ ਨਸ਼ੇ 'ਚ ਟੁੰਨ ਫੜੇ ਪੁਲਸ ਵਾਲੇ, ਅਗਿਓਂ ਕਹਿੰਦੇ- "ਬੇਅਦਬੀ ਦੀ ਜਾਂਚ ਲਈ ਲੱਗੀ ਹੈ ਡਿਊਟੀ"(ਵੀਡੀਓ)

Tuesday, Aug 20, 2024 - 03:15 PM (IST)

ਖੰਨਾ (ਵਿਪਨ ਭਾਰਦਵਾਜ): ਖੰਨਾ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਕਾਰ ਵੱਲੋਂ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ। ਜਦੋਂ ਲੋਕਾਂ ਨੇ ਗੱਡੀ ਵਾਲਿਆਂ ਨੂੰ ਰੋਕ ਲਿਆ ਤਾਂ ਕਾਰ ਸਵਾਰ ਪੁਲਸ ਮੁਲਾਜ਼ਮ ਨਿਕਲੇ। ਲੋਕਾਂ ਨੇ ਦੋਸ਼ ਲਗਾਇਆ ਕਿ ਗੱਡੀ ਚਲਾਉਣ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਹਾਦਸੇ ਮਗਰੋਂ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ। ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਉਨ੍ਹਾਂ ਵਿਚੋਂ ਇਕ ਮੁਲਾਜ਼ਮ ਲੋਕਾਂ ਸਾਹਮਣੇ ਹੀ ਦੁਬਾਰਾ ਠੇਕੇ 'ਤੇ ਜਾ ਵੜਿਆ ਤੇ ਉੱਥੋਂ ਹੋਰ ਸ਼ਰਾਬ ਖਰੀਦ ਲਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਚੈਲੰਜ ਕਰਨ ਵਾਲਾ ਗੈਂ.ਗਸਟਰ ਗ੍ਰਿਫ਼ਤਾਰ

ਜਾਣਕਾਰੀ ਮੁਤਾਬਕ ਸੋਮਵਾਰ ਰਾਤ ਤਕਰੀਬਨ 10 ਵਜੇ ਤਿੰਨ ਲੋਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਖੰਨੇ ਤੋਂ ਇਕੋਲਾਹਾ ਵੱਲ ਜਾ ਰਹੇ ਸਨ। ਰਸੂਲੜਾ ਪਿੰਡ ਨੇੜੇ ਇਨ੍ਹਾਂ ਦੀ ਕਾਰ ਨੇ ਸਾਹਮਣਿਓਂ ਆ ਰਹੇ ਬਾਈਕ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰਾਹਗੀਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਵਿਚਾਲੇ ਗੱਡੀ ਵਿਚੋਂ ਇਕ ਵਿਅਕਤੀ ਮੌਕੇ ਤੋਂ ਦੌੜ ਗਿਆ। ਜਦੋਂ ਲੋਕਾਂ ਨੇ ਬਾਕੀ ਦੋਹਾਂ ਵਿਅਕਤੀਆਂ ਨੂੰ ਫੜਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਪੁਲਸ ਦੇ ਮੁਲਾਜ਼ਮ ਹਨ। ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ 'ਚ ਤਾਇਨਾਤ ਹਨ ਪਰ ਹੁਣ ਉਨ੍ਹਾਂ ਦੀ ਡਿਊਟੀ ਖੰਨਾ ਦੇ ਮੰਦਰ ਵਿਚ ਹੋਈ ਬੇਅਦਬੀ ਦੇ ਮਾਮਲੇ ਵਿਚ ਸਪੈਸ਼ਲ ਡਿਊਟੀ 'ਤੇ ਆਏ ਹਨ। ਸਮਰਾਲਾ ਚੌਕ ਵਿਚ ਡਿਊਟੀ ਤੋਂ ਪਰਤ ਰਹੇ ਸਨ ਤਾਂ ਰਾਹ ਵਿਚ ਇਹ ਹਾਦਸਾ ਵਾਪਰਿਆ। ਇਕ ਮੁਲਾਜ਼ਮ ਨੇ ਕਿਹਾ ਕਿ ਬਾਈਕ ਸਵਾਰ ਰੌਂਗ ਸਾਈਡ ਤੋਂ ਆ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਨਵੇਂ ਹੁਕਮ ਜਾਰੀ

ਦੂਜੇ ਪਾਸੇ ਲੋਕਾਂ ਦਾ ਦੋਸ਼ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾ ਕੇ ਹਾਦਸਾ ਕੀਤਾ ਗਿਆ ਤੇ ਫ਼ਿਰ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਰ ਨਾਲ 3-4 ਹੋਰ ਲੋਕਾਂ ਨੂੰ ਹਿੱਟ ਕਰ ਦੇਣਾ ਸੀ, ਉਹ ਬੜੀ ਮੁਸ਼ਕਲ ਨਾਲ ਬਚੇ ਹਨ। ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਘੱਟੋ-ਘੱਟ ਹਾਦਸੇ ਮਗਰੋਂ ਜ਼ਖ਼ਮੀ ਦੀ ਮਦਦ ਲਈ ਰੁਕ ਤਾਂ ਸਕਦੇ ਹਨ, ਪਰ ਉਨ੍ਹਾਂ ਨੇ ਇਸ ਦੀ ਬਜਾਏ ਗੱਡੀ ਭਜਾ ਲਈ।

ਲੋਕਾਂ ਸਾਹਮਣੇ ਹੀ ਫੇਰ ਠੇਕੇ 'ਤੇ ਚਲਾ ਗਿਆ ASI 

ਲਾਪਰਵਾਹੀ ਦੀ ਹੱਦ ਵੇਖੋ, ਕਾਰ ਵਿਚ ਸਵਾਰ ਇਕ ਹੋਰ ਵਿਅਕਤੀ, ਜੋ ਖ਼ੁਦ ਨੂੰ ਏ.ਐੱਸ.ਆਈ. ਦੱਸ ਰਿਹਾ ਸੀ, ਵਿਰੋਧ ਕਰ ਰਹੇ ਲੋਕਾਂ ਦੇ ਸਾਹਮਣੇ ਹੀ ਦੁਬਾਰਾ ਨੇੜੇ ਦੇ ਸ਼ਰਾਬ ਦੇ ਠੇਕੇ 'ਤੇ ਪਹੁੰਚ ਗਿਆ ਤੇ ਉੱਥੋਂ ਸ਼ਰਾਬ ਖਰੀਦੀ। ਕੈਮਰੇ ਦੇ ਸਾਹਮਣੇ ਉਸ ਨੇ ਮੰਨਿਆ ਕਿ ਉਸ ਨੇ ਪੀਣ ਲਈ ਸ਼ਰਾਬ ਖਰੀਦੀ ਹੈ। ਏ.ਐੱਸ.ਆਈ. ਨੇ ਕਿਹਾ ਕਿ ਅਸੀਂ 14-14 ਘੰਟੇ ਡਿਊਟੀ ਕਰਦੇ ਹਾਂ, ਰਾਤ ਨੂੰ ਥਕਾਵਟ ਤਾਂ ਦੂਰ ਕਰਨੀ ਹੈ। ਉਸ ਨੇ ਕਿਹਾ ਕਿ ਉਸ ਨੇ ਟੈਕਸ ਦੇ ਕੇ ਸ਼ਰਾਬ ਖਰੀਦੀ ਹੈ, ਜਿਸ ਨੇ ਜੋ ਕਰਨਾ ਹੈ ਕਰ ਲਵੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News