ਕ੍ਰਾਸ-ਫਾਇਰਿੰਗ ਦਾ ਡਰ ਹੋਇਆ ਤਾਂ ਬੁਲਟ ਪਰੂਫ ਗੱਡੀ ''ਚ ਜਾਵੇਗੀ ਪੁਲਸ
Monday, Jun 19, 2017 - 06:46 AM (IST)
ਲੁਧਿਆਣਾ, (ਸੰਨੀ, ਰਿਸ਼ੀ)- ਜਿਸ ਤੇਜ਼ੀ ਨਾਲ ਰਾਜ ਵਿਚ ਗੈਂਗਸਟਰਜ਼ ਆਪਣੇ ਪੈਰ ਪਸਾਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ ਤੇ ਪਿਛਲੇ ਕੁਝ ਸਾਲਾਂ ਵਿਚ ਹੋਈਆਂ ਅੱਤਵਾਦੀ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਸ ਨੇ ਇਨ੍ਹਾਂ ਨਾਲ ਨਜਿੱਠਣ ਲਈ ਖੁਦ ਨੂੰ ਹਾਈਟੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਪੁਲਸ ਵੱਲੋਂ ਸਾਰੇ ਜ਼ਿਲਿਆਂ ਨੂੰ ਬੁਲਟ ਪਰੂਫ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਕਮਿਸ਼ਨਰੇਟ ਪੁਲਸ ਲੁਧਿਆਣਾ ਨੂੰ ਵੀ ਇਕ ਬੁਲਟ ਪਰੂਫ ਗੱਡੀ ਅਲਾਟ ਕੀਤੀ ਗਈ ਹੈ, ਜੋ ਪੁਲਸ ਲਾਈਨ ਵਿਚ ਪਹੁੰਚ ਚੁੱਕੀ ਹੈ। ਰਾਜ ਭਰ ਵਿਚ ਵਧ ਰਹੀ ਗੈਂਗਵਾਰ ਤੇ ਗੈਂਗਸਟਰਾਂ ਨਾਲ ਪੁਲਸ ਮੁਕਾਬਲੇ ਦੌਰਾਨ ਕਈ ਗੈਂਗਸਟਰ ਕ੍ਰਾਸ ਫਾਇਰਿੰਗ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕਈ ਵਾਰ ਪੁਖਤਾ ਸੂਚਨਾ ਹੋਣ 'ਤੇ ਵੀ ਪੁਲਸ ਨੂੰ ਜਾਨ-ਮਾਲ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੁਕਾਬਲੇ ਦੌਰਾਨ ਕਾਫੀ ਸਾਵਧਾਨੀ ਵਰਤਣੀ ਪੈਂਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਗੈਂਗਸਟਰਾਂ ਜਾਂ ਅੱਤਵਾਦੀਆਂ ਦੀ ਮੂਵਮੈਂਟ ਦਾ ਪਤਾ ਲਗਦੇ ਹੀ ਪੁਲਸ ਬਿਨਾਂ ਕਿਸੇ ਡਰ ਦੇ ਬੁਲਟ ਪਰੂਫ ਗੱਡੀ ਵਿਚ ਜਾ ਕੇ ਉਨ੍ਹਾਂ ਦਾ ਮੁਕਾਬਲਾ ਕਰ ਸਕੇਗੀ।
ਸਕਾਰਪੀਓ ਨੂੰ ਦਿੱਤਾ ਗਿਆ ਹੈ ਨਵਾਂ ਰੂਪ
ਐੱਸ. ਯੂ. ਵੀ. ਵਾਹਨ ਸਕਾਰਪੀਓ ਨੂੰ ਨਵਾਂ ਰੂਪ ਦੇ ਕੇ ਸਕਾਰਪੀਓ ਦਾ ਰੂਪ ਦਿੱਤਾ ਗਿਆ ਹੈ। ਅੱਗੇ ਡਰਾਈਵਰ ਸੀਟ ਦੇ ਦੋਵੇਂ ਸ਼ੀਸ਼ਿਆਂ ਨੂੰ ਬੁਲਟ ਪਰੂਫ ਬਣਾਇਆ ਗਿਆ ਹੈ, ਜਦ ਕਿ ਪਿਛਲੀਆਂ ਸੀਟਾਂ ਅਤੇ ਪਿਛਲੇ ਸ਼ੀਸ਼ਿਆਂ ਨੂੰ ਹਟਾ ਦਿੱਤਾ ਗਿਆ ਹੈ। ਸ਼ੀਸ਼ਿਆਂ ਦੇ ਸਥਾਨ 'ਤੇ ਚੈਸੀ ਹੀ ਰਹੇਗੀ।
ਲੋੜ ਪੈਣ 'ਤੇ ਲੈਣਗੇ ਕੰਮ : ਪੁਲਸ ਕਮਿਸ਼ਨਰ
ਇਸ ਬਾਰੇ ਕਮਿਸ਼ਨਰ ਆਫ ਪੁਲਸ ਆਰ. ਐੱਨ. ਢੋਕੇ ਦਾ ਕਹਿਣਾ ਹੈ ਕਿ ਬੁਲਟ ਪਰੂਫ ਵਾਹਨ ਉਨ੍ਹਾਂ ਕੋਲ ਪਹੁੰਚ ਚੁੱਕਾ ਹੈ। ਕਿਸੇ ਵਾਰਦਾਤ ਹੋਣ 'ਤੇ ਲੋੜ ਮਹਿਸੂਸ ਹੋਣ 'ਤੇ ਬੁਲਟ ਪਰੂਫ ਵਾਹਨ ਦੀ ਵਰਤੋਂ ਕੀਤੀ ਜਾਵੇਗੀ।
ਬੁਲਟ ਪਰੂਫ ਸ਼ੀਸ਼ਿਆਂ ਨਾਲ ਫਾਇਰਿੰਗ ਲਈ ਹੋਲ
ਇਸ ਦੇ ਨਾਲ ਹੀ ਗੰਨ ਕੱਢ ਕੇ ਫਾਇਰਿੰਗ ਕਰਨ ਲਈ ਸਾਈਡਾਂ ਅਤੇ ਗੱਡੀ ਦੇ ਪਿੱਛੇ ਹੋਲ ਬਣਾਏ ਗਏ ਹਨ। ਐਮਰਜੈਂਸੀ ਦੀ ਹਾਲਤ ਵਿਚ ਪੁਲਸ ਕਰਮਚਾਰੀ ਹੋਲ ਰਾਹੀਂ ਗੰਨ ਬਾਹਰ ਕੱਢ ਕੇ ਨਿਸ਼ਾਨਾ ਲਾਉਂਦੇ ਹੋਏ ਫਾਇਰਿੰਗ ਕਰ ਸਕਦੇ ਹਨ।
