ਸਰਕਾਰ ਦੇ ਹੁਕਮ ਟਿੱਚ! ਮੋਬਾਇਲ ਫੋਨ ਕੋਲ ਹੋਣ ’ਤੇ ਕਮਰੇ ’ਚ ਨਹੀਂ ਵੜਨ ਦਿੰਦੇ ਥਾਣਾ ਮੁਖੀ

04/16/2022 10:10:38 AM

ਪਟਿਆਲਾ (ਮਨਦੀਪ ਜੋਸਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਸਰਕਾਰੀ ਅਫਸਰਾਂ ਨੂੰ ਸਖਤ ਆਦੇਸ਼ ਜਾਰੀ ਹੋਏ ਸਨ ਕਿ ਜਨਤਾ ਨੂੰ ਸਰਕਾਰੀ ਦਫਤਰਾਂ ’ਚ ਪ੍ਰੇਸ਼ਾਨ ਨਾ ਕੀਤਾ ਜਾਵੇ। ਇਹ ਵੀ ਹੁਕਮ ਹੋਏ ਸਨ ਕਿ ਜਨਤਾ ਆਪਣੇ ਫੋਨ ਸਰਕਾਰੀ ਦਫਤਰਾਂ ’ਚ ਨਾਲ ਲੈ ਕੇ ਜਾ ਸਕਦੀ ਹੈ, ਜਦਕਿ ਕੋਈ ਖਾਸ ਜਗਾ ਸੁਰੱਖਿਆ ਦੇ ਮੱਦੇਨਜ਼ਰ ਫੋਨ ਬਾਹਰ ਰਖਵਾਏ ਜਾ ਸਕਦੇ ਹਨ। ਇਸ ਦੇ ਬਾਵਜੂਦ ਪਟਿਆਲਾ ਜ਼ਿਲੇ ਦੇ ਕਈ ਅਜਿਹੇ ਥਾਣਾ ਮੁਖੀ ਹਨ, ਜਿਹੜੇ ਕਿ ਲੋਕਾਂ ਨੂੰ ਮਿਲਣ ਲਈ ਉਨ੍ਹਾਂ ਦੇ ਫੋਨ ਦਫਤਰ ਤੋਂ ਬਾਹਰ ਰਖਵਾ ਦਿੰਦੇ ਹਨ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਇਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੁਝ ਲੋਕਾਂ ਕੋਲ ਫੋਨ ਬਾਹਰ ਰੱਖਣ ਦੀ ਜਗਾ ਨਹੀਂ ਹੁੰਦੀ, ਜਿਸ ਕਰ ਕੇ ਉਹ ਫੋਨ ਨਾਲ ਹੋਣ ਦੀ ਵਜ੍ਹਾ ਕਾਰਨ ਬਿਨਾ ਮਿਲੇ ਹੀ ਪਰਤ ਆਉਂਦੇ ਹਨ ਅਤੇ ਉਨ੍ਹਾਂ ਦੇ ਕੰਮ ਜਿਉਂ ਦੀ ਤਿਉਂ ਲਟਕਦੇ ਰਹਿੰਦੇ ਹਨ। ਇਸ ਲਈ ਸਰਕਾਰੀ ਆਦੇਸ਼ ਫਾਇਲਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਇਕ ਵਟਸਐਪ ਨੰਬਰ ਜਾਰੀ ਕੀਤਾ ਸੀ। ਇਸ ਨੰਬਰ ’ਤੇ ਕੋਈ ਵੀ ਵਿਅਕਤੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਦੀ ਵੀਡੀਓ ਤੇ ਆਡੀੳ ਅਪਲੋਡ ਕਰ ਸਕਦਾ ਹੈ। ਬਸਰਤੇ ਕੇੇ ਉਸ ਨੇ ਰਿਸ਼ਵਤ ਮੰਗੀ ਹੋਵੇ। ਇਸ ਡਰ ਕਾਰਨ ਸਰਕਾਰੀ ਦਫਤਰਾਂ ਦੇ ਜ਼ਿਆਦਾਤਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਦਫਤਰਾਂ ’ਚ ਆਉਣ ਵਾਲੇ ਲੋਕਾਂ ਦੇ ਫੋਨ ਬਾਹਰ ਰਖਵਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਅਜਿਹਾ ਹੀ ਵਰਤਾਰਾ ਖਾਸ ਕਰ ਪੁਲਸ ਥਾਣਿਆ ’ਚ ਵੇਖਣ ਨੂੰ ਮਿਲਿਆ। ਇਹ ਫੀਡਬੈਕ ਜਦੋਂ ਸਰਕਾਰ ਤੱਕ ਪੁੱਜੀ ਤਾਂ ਸਰਕਾਰ ਨੇ ਇਕ ਹੁਕਮ ਜਾਰੀ ਕੀਤੇ ਕਿ ਕਿਸੇ ਵੀ ਦਫਤਰ ਵਿਚ ਲੋਕਾਂ ਦੇ ਫੋਨ ਨਾਲ ਲਿਜਾਣ ’ਤੇ ਮਨਾਹੀ ਨਹੀਂ ਹੈ। ਇਨ੍ਹਾਂ ਹੁਕਮਾਂ ਦੇ ਬਾਵਜੂਦ ਪੁਲਸ ਦੇ ਕਈ ਥਾਣਿਆ ’ਚ ਫੋਨ ਥਾਣਾ ਮੁਖੀ ਦੇ ਅੰਦਰ ਲਿਜਾਣ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਥਾਣਾ ਲਾਹੌਰੀ ਗੇਟ ਵਿਖੇ ਵੇਖਣ ਨੂੰ ਮਿਲ ਰਿਹਾ ਹੈ, ਜਿਥੇ ਥਾਣਾ ਮੁਖੀ ਆਪਣੇ ਕਮਰੇ ਵਿਚ ਕਿਸੇ ਨੂੰ ਵੀ ਮੁਬਾਇਲ ਫੋਨ ਨਾਲ ਲੈ ਕੇ ਨਹੀਂ ਜਾਣ ਦਿੰਦੇ ਅਤੇ ਜਨਤਾ ਇਸ ਮਾਮਲੇ ਨੂੰ ਲੈ ਕੇ ਜਲੀਲ ਹੁੰਦੀ ਹੈ। ਉਧਰ ਥਾਣਾ ਮੁਖੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਆੲੇਗੀ ਅਤੇ ਜਨਤਾ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News