6 ਸਾਲਾਂ ਤੋਂ ਫ਼ਰਾਰ 5 ਭਗੌੜਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
Monday, Feb 17, 2025 - 01:55 PM (IST)

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਤਸਕਰੀ ਮਾਮਲੇ ’ਚ 6 ਸਾਲਾਂ ਤੋਂ ਭਗੌੜੇ 2 ਮੁਲਜ਼ਮਾਂ ਅਤੇ ਚੈੱਕ ਬਾਊਂਸ ਦੇ ਮਾਮਲੇ ’ਚ ਭਗੌੜੇ 3 ਮੁਲਜ਼ਮਾਂ ਨੂੰ ਪੀ. ਓ. ਐਂਡ ਸੰਮਨ ਸਟਾਫ਼ ਵੱਲੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਮ ਦਰਬਾਰ ਵਾਸੀ ਲੱਕੀ, ਧਨਾਸ ਦੀ ਈ. ਡਬਲਿਊ. ਐੱਸ. ਕਾਲੋਨੀ ਵਾਸੀ ਆਕਾਸ਼, ਯਮੁਨਾਨਗਰ ਦੇ ਜਗਾਧਰੀ ਵਾਸੀ ਰਾਜਬੀਰ ਸਿੰਘ, ਡੇਰਾਬੱਸੀ ਵਾਸੀ ਰਾਕੇਸ਼ ਕੁਮਾਰ ਵਰਮਾ ਅਤੇ ਉੱਤਰਾਖੰਡ ਵਾਸੀ ਅਬਦੁਲ ਰਸ਼ੀਦ ਵਾਸੀ ਵੱਜੋਂ ਹੋਈ ਹੈ।
ਐੱਸ. ਐੱਸ. ਪੀ. ਕੰਵਰਦੀਪ ਕੌਰ ਦੀ ਦੇਖ-ਰੇਖ ਹੇਠ ਇੰਸਪੈਕਟਰ ਸ਼ੇਰ ਸਿੰਘ ਨੇ ਭਗੌੜਿਆਂ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ ਸੀ। ਪੁਲਸ ਟੀਮ ਨੇ ਆਬਕਾਰੀ ਐਕਟ ਦੇ ਮਾਮਲੇ ’ਚ 6 ਸਾਲਾਂ ਤੋਂ ਭਗੌੜੇ ਧਨਾਸ ਦੀ ਈ. ਡਬਲਿਊ. ਐੱਸ. ਕਾਲੋਨੀ ਨਿਵਾਸੀ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਸਾਰੰਗਪੁਰ ਥਾਣੇ ’ਚ 9 ਦਸੰਬਰ 2019 ਨੂੰ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਤੋਂ ਇਲਾਵਾ ਪੁਲਸ ਟੀਮ ਨੇ ਆਬਕਾਰੀ ਐਕਟ ਮਾਮਲੇ ’ਚ 5 ਸਾਲਾਂ ਤੋਂ ਭਗੌੜੇ ਰਾਮਦਰਬਾਰ ਵਾਸੀ ਲੱਕੀ ਨੂੰ ਗ੍ਰਿਫ਼ਤਾਰ ਕੀਤਾ।
ਉਸ ਖ਼ਿਲਾਫ਼ ਸੈਕਟਰ-31 ਪੁਲਸ ਥਾਣੇ ਵਿਚ 9 ਅਕਤੂਬਰ 2020 ਨੂੰ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ 12 ਨਵੰਬਰ 2024 ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਪੀ. ਓ. ਐਂਡ ਸੰਮਨ ਸਟਾਫ਼ ਨੇ ਚੈੱਕ ਬਾਊਂਸ ਦੇ ਮਾਮਲੇ ਵਿਚ ਯਮੁਨਾਨਗਰ ਦੇ ਜਗਾਧਰੀ ਸਥਿਤ ਕ੍ਰਿਸ਼ਨ ਨਗਰ ਵਾਸੀ ਰਾਜਬੀਰ ਸਿੰਘ, ਡੇਰਾਬੱਸੀ ਦੇ ਸ਼ਕਤੀ ਨਗਰ ਵਾਸੀ ਰਾਕੇਸ਼ ਕੁਮਾਰ ਵਰਮਾ ਅਤੇ ਉੱਤਰਾਖੰਡ ਦੇ ਰਾਮਨਗਰ ਵਾਸੀ ਅਬਦੁਲ ਰਸ਼ੀਦ ਨੂੰ ਗ੍ਰਿਫ਼ਤਾਰ ਕੀਤਾ ਹੈ।