ਪੁਲਸ ਨੇ ਨਾਜਾਇਜ਼ ਹਥਿਆਰਾਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Tuesday, Jul 21, 2026 - 01:55 PM (IST)
ਫਿਰੋਜ਼ਪੁਰ (ਖੁੱਲਰ) : ਸੀ. ਆਈ. ਏ. ਸਟਾਫ਼ ਜ਼ੀਰਾ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਰੇਲਵੇ ਫਾਟਕ ਨੇੜੇ ਮੋਹਕਮ ਵਾਲਾ ਕਾਲਜ ਫਿਰੋਜ਼ਪੁਰ ਪਾਸ ਪੁੱਜੀ। ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਜੈ ਪੁੱਤਰ ਤਾਰਾ ਵਾਸੀ ਪਿੰਡ ਹਸਤੀ ਵਾਲਾ ਅਤੇ ਬਲਜਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬੱਗੇ ਕੇ ਪਿੱਪਲ ਦੋਵੇਂ ਆਪਣੇ ਪਾਸ ਨਾਜਾਇਜ਼ ਪਿਸਟਲ ਰੱਖਦੇ ਹਲ।
ਅੱਜ ਵੀ ਅਜੈ ਅਤੇ ਬਲਜਿੰਦਰ ਸਿੰਘ ਚੌਂਕ ਚੁੰਗੀ ਨੰਬਰ-7 ਤੋਂ ਖੂਹ ਚਾਹ ਪਾਸੀਆ ਵੱਲ ਨੂੰ ਜਾਂਦੀ ਸੜਕ ’ਤੇ ਬੇਆਬਾਦ ਕੁਆਰਟਰ ਦੇ ਨਜ਼ਦੀਕ ਸਮੇਤ ਨਾਜਾਇਜ਼ ਪਿਸਤੌਲਾਂ ਦੇ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਜੇਕਰ ਉਨ੍ਹਾਂ ’ਤੇ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਉਨ੍ਹਾਂ ਪਾਸੋਂ ਨਾਜਾਇਜ਼ ਪਿਸਟਲ ਬਰਾਮਦ ਹੋ ਸਕਦੇ ਹਨ। ਜਾਂਚਕਰਤਾ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਅਜੈ ਅਤੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਾਜਾਇਜ਼ ਦੇਸੀ 30 ਬੋਰ ਪਿਸਟਲ ਸਮੇਤ ਮੈਗਜ਼ੀਨ, 2 ਰੋਂਦ ਜ਼ਿੰਦਾ 30 ਬੋਰ ਅਤੇ ਇਕ ਨਾਜਾਇਜ਼ ਦੇਸੀ 32 ਬੋਰ ਪਿਸਟਲ ਸਮੇਤ ਮੈਗਜ਼ੀਨ, 2 ਰੋਂਦ ਜ਼ਿੰਦਾ 32 ਬੋਰ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
