ਪਾਕਿਸਤਾਨ ਤੋਂ ਮੰਗਵਾਈ 4 ਕਿੱਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰ

Wednesday, Sep 30, 2026 - 12:59 PM (IST)

ਪਾਕਿਸਤਾਨ ਤੋਂ ਮੰਗਵਾਈ 4 ਕਿੱਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰ

ਫਾਜ਼ਿਲਕਾ (ਸੁਖਵਿੰਦਰ ਥਿੰਦ): ਨਸ਼ਾ ਤਸਕਰੀ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮਹਿੰਮ ਤਹਿਤ ਫਾਜ਼ਿਲਕਾ ਪੁਲਸ ਨੇ ਇਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ CIA ਫਾਜ਼ਿਲਕਾ ਦੀ ਟੀਮ ਵੱਲੋਂ 3 ਵਿਅਕਤੀਆਂ ਨੂੰ 4 ਕਿੱਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇੰਸਪੈਕਟਰ ਸੁਨੀਲ ਕੁਮਾਰ, ਇੰਚਾਰਜ CIA ਫਾਜ਼ਿਲਕਾ ਦੀ ਅਗਵਾਈ ਹੇਠ ASI ਰਣਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਥਾਣਾ ਸਦਰ ਜਲਾਲਾਬਾਦ ਦੇ ਏਰੀਏ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਸ ਪਾਰਟੀ ਜਦੋਂ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁਨਕੀਆਂ) ਤੋਂ ਅੱਗੇ ਢਾਣੀ ਬਚਨ ਸਿੰਘ ਤੋਂ ਭਾਰਤ-ਪਾਕਿਸਤਾਨ ਸਰਹੱਦ ਵੱਲ ਜਾਂਦੇ ਕੱਚੇ ਰਸਤੇ ਦੇ ਟੀ-ਪੁਆਇੰਟ ਨੇੜੇ ਪੁੱਜੀ ਤਾਂ ਖੇਤਾਂ ਵਿਚ ਮੋਟਰ ਵਾਲੇ ਕਮਰੇ ਕੋਲ ਤਿੰਨ ਵਿਅਕਤੀ ਸ਼ੱਕੀ ਹਾਲਤ ਵਿਚ ਫਿਰਦੇ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਹੱਥਾਂ ਵਿਚ ਪਲਾਸਟਿਕ ਦਾ ਗੱਟਾ ਪਕੜਿਆ ਹੋਇਆ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਮੋਟਰ ਵਾਲੇ ਕਮਰੇ ਦੀ ਆੜ ਵਿਚ ਲੁਕਣ ਦੀ ਕੋਸ਼ਿਸ਼ ਕਰਨ ਲੱਗੇ।

ਪੁਲਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਜੀਵ ਸਿੰਘ ਉਰਫ ਸੰਜੂ ਪੁੱਤਰ ਕਰਨੈਲ ਸਿੰਘ, ਧੀਰਜਪਾਲ ਉਰਫ ਧੀਰਜ ਪੁੱਤਰ ਦਰਸ਼ਨ ਸਿੰਘ ਅਤੇ ਮਨਦੀਪ ਸਿੰਘ ਉਰਫ ਦੀਪੀ ਪੁੱਤਰ ਹਰਮੇਸ਼ ਸਿੰਘ, ਵਾਸੀਆਨ ਜੱਲਾ ਲੱਖੇ ਕੇ ਹਿਠਾੜ, ਥਾਣਾ ਸਦਰ ਜਲਾਲਾਬਾਦ ਵਜੋਂ ਹੋਈ। ਇਨ੍ਹਾਂ ਵਿਅਕਤੀਆਂ ਕੋਲ ਕੋਈ ਨਸ਼ੀਲੀ ਚੀਜ ਹੋਣ ਦਾ ਸ਼ੱਕ ਜਾਹਰ ਹੋਣ ਤੇ ਮੌਕਾ ਪਰ ਲਵਦੀਪ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਨੂੰ ਮੌਕਾ ਪਰ ਬੁਲਾ ਕੇ ਪੁਲਸ ਪਾਰਟੀ ਵੱਲੋਂ ਉਹਨਾਂ ਪਾਸ ਮੌਜੂਦ ਗੱਟੇ ਦੀ ਤਲਾਸ਼ੀ ਕੀਤੀ ਗਈ। ਜਿਸ ਵਿਚੋਂ 4 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ।

ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਸਕਰਾਂ ਵੱਲੋਂ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਇਸ ਤੋਂ ਪਹਿਲਾਂ ਇਹ ਤਸਕਰ ਫਿਰੋਜ਼ਪੁਰ ਦੇ ਕੁੱਲਗੜ੍ਹੀ ਦੇ ਇਕ ਤਸਕਰ ਰਾਹੀਂ ਨਸ਼ਾ ਤਸਕਰੀ ਕਰਦੇ ਸਨ, ਜੋ ਪਿਛਲੇ ਦਿਨੀਂ ਫਿਰੋਜ਼ਪੁਰ ਪੁਲਸ ਵੱਲੋਂ ਪਕੜੇ ਜਾਣ ਤੇ ਜੇਲ੍ਹ ਚਲਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਨੇ ਖੁਦ ਪਾਕਿਸਤਾਨ ਦੇ ਕਿਸੇ ਤਸਕਰ ਨਾਲ ਸੰਪਰਕ ਕਰਕੇ ਇਹ ਹੈਰੋਇਨ ਦੀ ਖੇਪ ਮੰਗਵਾਈ ਹੈ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਨੂੰ ਵੀ ਮੁਕੱਦਮੇ ਵਿਚ ਨਾਮਜਦ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News