ਪੰਜਾਬ : ਡੀ. ਐੱਸ. ਪੀ. ਦਫ਼ਤਰ ''ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ ''ਤਾ ਸੀਲ

Friday, Oct 02, 2026 - 01:31 PM (IST)

ਪੰਜਾਬ : ਡੀ. ਐੱਸ. ਪੀ. ਦਫ਼ਤਰ ''ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ ''ਤਾ ਸੀਲ

ਜਲਾਲਾਬਾਦ (ਟੀਨੂ/ਸੁਮਿਤ/ਸੁਖਵਿੰਦਰ ਥਿੰਦ): ਜਲਾਲਾਬਾਦ ਵਿਚ ਵੀਰਵਾਰ ਸ਼ਾਮ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਡੀਐੱਸਪੀ ਦਫ਼ਤਰ ਦੇ ਬਾਹਰ ਕੁਝ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਵੱਲੋਂ ਅਚਾਨਕ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਡੀਐੱਸਪੀ ਦਫ਼ਤਰ ਦੇ ਬਾਹਰ ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਜਲਾਲਾਬਾਦ ਦੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੱਤੀਵਾਲਾ ਚੌਕ ਵੱਲੋਂ 3-4 ਮੋਟਰਸਾਈਕਲਾਂ ’ਤੇ ਸਵਾਰ ਕੁਝ ਸ਼ੱਕੀ ਨੌਜਵਾਨ ਡੀਐੱਸਪੀ ਦਫ਼ਤਰ ਵੱਲ ਜਾ ਰਹੇ ਹਨ। ਪੁਲਸ ਅਨੁਸਾਰ ਡੀਐੱਸਪੀ ਦਫ਼ਤਰ ਦੇ ਬਾਹਰ ਪਹੁੰਚਣ ਤੋਂ ਬਾਅਦ ਫਾਇਰਿੰਗ ਦੀ ਘਟਨਾ ਵਾਪਰੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਇੰਸਪੈਕਟਰ ਮੋਹਿਤ ਧਵਨ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੋਨਾ ਸਿੰਘ ਅਤੇ ਸੋਨੂੰ ਵਾਸੀ ਅਮੀਰ ਖ਼ਾਸ ਅਤੇ ਆਕਾਸ਼ ਪੁੱਤਰ ਪਰਮਜੀਤ ਵਜੋਂ ਹੋਈ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਕੋਲੋਂ ਇਕ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਜਾਣ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ ਹੋਇਆ ਨੋਟੀਫਿਕੇਸ਼ਨ

ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੁਝ ਹੋਰ ਸ਼ੱਕੀ ਵਿਅਕਤੀ ਮੌਕੇ ਤੋਂ ਨਿਕਲ ਗਏ, ਜਿਨ੍ਹਾਂ ਦੀ ਭਾਲ ਲਈ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਘਟਨਾ ਦੌਰਾਨ ਇਕ ਰਾਊਂਡ ਫਾਇਰ ਹੋਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਗੋਲੀ ਪੁਲਸ ਵੱਲੋਂ ਬਰਾਮਦ ਕੀਤੇ ਗਏ ਪਿਸਤੌਲ ਤੋਂ ਚੱਲੀ ਸੀ ਜਾਂ ਕਿਸੇ ਹੋਰ ਹਥਿਆਰ ਤੋਂ ਫਾਇਰ ਕੀਤਾ ਗਿਆ ਸੀ। ਇਸ ਪਹਿਲੂ ਨੂੰ ਸਪੱਸ਼ਟ ਕਰਨ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਨਾਲ-ਨਾਲ ਫੋਰੈਂਸਿਕ ਜਾਂਚ ਵੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਵਿਚ ਸਾਹਮਣੇ ਆਏ ਸਾਰੇ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵਿਸ਼ੇਸ਼ ਹਦਾਇਤਾਂ, ਨਾਕਿਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News