ਪੰਜਾਬ ਦੇ ਸੀਨੀਅਰ ਆਗੂ ''ਤੇ ਹਮਲਾ ਕਰਨ ਦੇ ਮਾਮਲੇ ''ਚ ਪੁਲਸ ਦਾ ਐਕਸ਼ਨ
Wednesday, Feb 05, 2025 - 03:43 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਸ਼ੇਰ ਖਾਂ ਵਿਖੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਫਾਈਰਿੰਗ ਕਰਨ ਦੇ ਦੋਸ਼ 'ਚ ਥਾਣਾ ਕੁੱਲਗੜ੍ਹੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੁਲਬੀਰ ਸਿੰਘ ਜ਼ੀਰਾ ਪੁੱਤਰ ਸਵ. ਇੰਦਰਜੀਤ ਸਿੰਘ ਵਾਸੀ ਅਵਾਨ ਰੋਡ ਜ਼ੀਰਾ ਨੇ ਦੱਸਿਆ ਕਿ ਉਹ 3 ਫਰਵਰੀ 2025 ਨੂੰ ਆਪਣੀ ਗੱਡੀ ਇਨੋਵਾ ਕ੍ਰਿਸਟਾ 'ਚ ਸਮੇਤ ਡਰਾਈਵਰ ਗੁਰਦੇਵ, ਪੀ. ਏ. ਅਕਾਸ਼ਦੀਪ ਸਿੰਘ, ਗੰਨਮੈਨ ਕਰਨੈਲ ਸਿੰਘ ਵਗੈਰਾ ਨਾਲ ਬਸਤੀ ਬੂਟਾਵਾਲੀ ਤੋਂ ਕਬੱਡੀ ਟੂਰਨਾਮੈਂਟ ਅਟੈਂਡ ਕਰਕੇ ਪਿੰਡ ਅਰਮਾਨਪੁਰਾ ਜਾ ਰਹੇ ਸੀ।
ਇੱਥੇ ਨੰਬਰਦਾਰ ਅਮਰੀਕ ਸਿੰਘ ਦੇ ਘਰ 30-40 ਮਿੰਟ ਰੁਕ ਕੇ ਵਾਪਸ ਜ਼ੀਰਾ ਨੂੰ ਚੱਲ ਪਏ। ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਕਰੀਬ ਰਾਤ 8.10 ਵਜੇ ਉਸ ਦੇ ਡਰਾਈਵਰ ਨੇ ਦੱਸਿਆ ਕਿ ਇਕ ਸ਼ੱਕੀ ਗੱਡੀ ਸਾਡਾ ਪਿੱਛਾ ਕਰ ਰਹੀ ਹੈ, ਜੋ ਰਾਹ ਦੇਣ ਦੇ ਬਾਵਜੂਦ ਅੱਗੇ ਨਹੀਂ ਲੰਘ ਰਹੀ ਹੈ ਅਤੇ ਥੋੜ੍ਹਾ ਅੱਗੇ ਜਾ ਕੇ ਸ਼ੱਕੀ ਗੱਡੀ ਵਿਚ ਸਵਾਰਾਂ ਨੇ ਉਨ੍ਹਾਂ ਦੀ ਗੱਡੀ ’ਤੇ ਫਾਈਰਿੰਗ ਕਰ ਦਿੱਤੀ। ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੰਨਮੈਨ ਅਤੇ ਪੀ. ਏ. ਨੇ ਦੱਸਿਆ ਕਿ ਦੋ ਫਾਇਰ ਹੋਏ ਹਨ ਅਤੇ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਣ ਕਰਕੇ ਗੱਡੀ ਕੱਚੇ ਰਸਤੇ 'ਤੇ ਉੱਤਰ ਗਈ।
ਇਸ ਦੇ ਬਾਵਜੂਦ ਸ਼ੱਕੀ ਗੱਡੀ ਸਵਾਰਾਂ ਨੇ 4 ਫਾਇਰ ਹੋਰ ਕਰ ਦਿੱਤੇ। ਕੁੱਝ ਦੂਰ ਜਾ ਕੇ ਜਦੋਂ ਅਸੀਂ ਪਿੰਡ ਕੁੱਲਗੜ੍ਹੀ ਪਹੁੰਚੇ ਤਾਂ ਸਾਡੀ ਗੱਡੀ ਤੇਜ਼ ਹੋਣ ਕਰਕੇ ਪਿੱਛੇ ਲੱਗੀ ਸ਼ੱਕੀ ਗੱਡੀ ਦਿੱਸਣਾ ਬੰਦ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।