1.34 ਲੱਖ ਕੈਸ਼, ਨਸ਼ੀਲੇ ਪਦਾਰਥ ਤੇ ਨਾਜਾਇਜ਼ ਸ਼ਰਾਬ ਸਮੇਤ 6 ਗ੍ਰਿਫਤਾਰ

08/24/2017 11:18:47 AM

ਕਪੂਰਥਲਾ (ਭੂਸ਼ਣ) - ਥਾਣਾ ਕੋਤਵਾਲੀ ਦੀ ਪੁਲਸ ਨੇ ਬੀਤੀ ਰਾਤ ਡਰੱਗ ਮਾਫੀਆ ਖਿਲਾਫ ਚਲਾਈ ਮੁਹਿੰਮ ਦੇ ਦੌਰਾਨ 6 ਮੁਲਜ਼ਮਾਂ ਨੂੰ ਕਾਬੂ ਕਰ ਕੇ 1. 34 ਲੱਖ ਰੁਪਏ ਦੀ ਨਕਦੀ, ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ ਅਤੇ ਇਕ ਕਾਰ ਬਰਾਮਦ ਕੀਤੀ ਹੈ। 
ਜਾਣਕਾਰੀ ਅਨੁਸਾਰ ਜ਼ਿਲੇ ਭਰ ਵਿਚ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਡਰੱਗ ਮਾਫੀਆ ਖਿਲਾਫ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਦੇ ਹੋਏ ਨਾਕਾਬੰਦੀ ਦੇ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1.34 ਲੱਖ ਰੁਪਏ ਦੀ ਨਕਦੀ ਤੇ 60 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ । ਮੁਲਜ਼ਮ ਦੀ ਪਛਾਣ ਟਹਿਲ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਪਿੰਡ ਬਿੱਲਾ ਕੋਠੀ ਵਜੋਂ ਹੋਈ । 
ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ । ਦੂਜੇ ਪਾਸੇ ਕੋਤਵਾਲੀ ਪੁਲਸ ਨੇ ਪਿੰਡ ਬੂਟਾ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਸੁਖਜਿੰਦਰ ਸਿੰਘ ਉਰਫ ਕਾਲਾ ਪੁੱਤਰ ਸਵਰਣ ਸਿੰਘ ਨਿਵਾਸੀ ਪਿੰਡ ਬੂਟਾ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 80 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਉਥੇ ਹੀ ਕੋਤਵਾਲੀ ਪੁਲਸ ਨੇ ਨਾਕਾਬੰਦੀ ਦੌਰਾਨ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਬੂਟਾ ਤੋਂ 121 ਨਸ਼ੀਲੇ ਕੈਪਸੂਲ ਬਰਾਮਦ ਕੀਤੇ। 
ਇਸੇ ਤਰ੍ਹਾਂ ਕੋਤਵਾਲੀ ਪੁਲਸ ਨੇ ਨਾਕਾਬੰਦੀ ਦੌਰਾਨ ਸੁਭਾਨਪੁਰ ਮਾਰਗ ਤੋਂ ਜਦੋਂ ਇਕ ਕਾਰ ਨੂੰ ਰੋਕ ਕੇ ਇਸ 'ਚ ਸਵਾਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਕੁਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਪਿੰਡ ਬੂਟਾ ਦੱਸਿਆ। ਮੁਲਜ਼ਮ ਦੀ ਕਾਰ 'ਚੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕੋਤਵਾਲੀ ਪੁਲਸ ਨੇ ਨਾਕਾਬੰਦੀ ਦੌਰਾਨ ਨੀਤਿਨ ਪੁੱਤਰ ਤਰਸੇਮ ਕੁਮਾਰ ਨਿਵਾਸੀ ਰਈਆ ਨੂੰ 35 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ । ਇਸੇ ਤਰ੍ਹਾਂ ਕੋਤਵਾਲੀ ਪੁਲਸ ਦੀ ਟੀਮ ਨੇ ਨਰਿੰਦਰ ਪਾਲ ਸਿੰਘ ਪੁੱਤਰ ਪ੍ਰਤਾਪ ਸਿੰਘ ਨਿਵਾਸੀ ਸੁਭਾਨਪੁਰ ਤੋਂ 40 ਨਸ਼ੀਲੇ ਕੈਪਸੂਲ ਬਰਾਮਦ ਕੀਤੇ। ਸਾਰੇ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।


Related News