ਐਮਾਂ ਪਿੰਡ ਦੇ ਖੇਤਾਂ ਚੋਂ ਮਿਲੇ 27 ਕੈਨ ਅਲਕੋਹਲ
Tuesday, Sep 26, 2017 - 05:21 PM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਬੀਤੀ ਰਾਤ ਛਾਪੇਮਾਰੀ ਕਰਦਿਆਂ ਥਾਣਾ ਝਬਾਲ ਦੀ ਪੁਲਸ ਨੇ ਪਿੰਡ ਐਮਾਂ ਦੇ ਇਕ ਕਿਸਾਨ ਦੇ ਖੇਤ ਚੋਂ 27 ਕੈਨ ਅਲਕੋਹਲ ਬਰਾਮਦ ਕੀਤੀ ਹੈ। ਇਕ ਕੈਨ 'ਚ 35 ਲੀਟਰ ਦੇ ਕਰੀਬ ਅਲਕੋਹਲ ਦੱਸੀ ਜਾ ਰਹੀ ਹੈ, ਜਿਸ ਹਿਸਾਬ ਨਾਲ ਪੁਲਸ ਨੇ ਸਾਢੇ 9 ਸੌ ਲੀਟਰ ਦੇ ਕਰੀਬ ਅਲਕੋਹਲ ਕਬਜ਼ੇ ਹੇਠ ਲਈ ਹੈ।
ਜ਼ਿਕਰਯੋਗ ਹੈ ਕਿ ਇਕ ਲੀਟਰ ਅਲਕੋਹਲ ਨਾਲ 10 ਲੀਟਰ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਅਤੇ ਅਲਕੋਹਲ ਤੋਂ ਤਿਆਰ ਹੁੰਦੀ ਇਹ ਸ਼ਰਾਬ ਸਿਹਤ ਲਈ ਬਹੁਤ ਹੀ ਹਾਨੀਕਾਰਕ ਦੱਸੀ ਜਾਂਦੀ ਹੈ। ਸੂਤਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਲਕੋਹਲ ਦੀ ਇਸ ਇਲਾਕੇ 'ਚ ਸਿੱਧੀ ਰਾਜਪੁਰਾ (ਪਟਿਆਲਾ) ਤੋਂ ਤਸਕਰੀ ਹੋ ਰਹੀ ਹੈ ਅਤੇ ਪਿੰਡ ਜਗਤਪੁਰਾ ਦੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਸ ਗੋਰਖ ਧੰਦੇ ਨਾਲ ਜੁੜੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਥਾਣਾ ਝਬਾਲ ਦੀ ਪੁਲਸ ਵੱਲੋਂ ਪਿੰਡ ਐਮਾਂ ਕਲਾਂ ਦੇ ਇਕ ਕਿਸਾਨ ਦੇ ਖੇਤ 'ਚੋਂ ਪਹਿਲਾਂ 17 ਉਕਤ ਕੈਨ ਬਰਾਮਦ ਕੀਤੇ ਗਏ ਹਨ। ਸੂਤਰਾਂ ਮੁਤਾਬਕ ਮੌਕੇ 'ਤੇ ਪੁਲਸ ਵੱਲੋਂ ਇਸ ਮਾਮਲੇ 'ਚ ਲੋੜੀਦਾਂ ਇਕ ਵਿਅਕਤੀ ਵੀ ਹਿਰਾਸਤ 'ਚ ਲਿਆ ਗਿਆ ਸੀ। ਮੰਗਲਵਾਰ ਦੀ ਸਵੇਰ ਉਕਤ ਅਲਕੋਹਲ ਦੀ ਬਰਾਮਦੀ ਸਬੰਧੀ ਜਦੋਂ ਸਾਰੇ ਇਲਾਕੇ 'ਚ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਖਬਰਾਂ ਇਹ ਵੀ ਆਈਆਂ ਕਿ ਰਾਤ ਸਮੇਂ ਇਕ ਟਰੱਕ ਅਲਕੋਹਲ ਨਾਲ ਭਰਿਆ ਉਕਤ ਖੇਤਾਂ 'ਚ ਉਤਾਰਿਆ ਗਿਆ ਅਤੇ ਜਿਸ ਵਿਅਕਤੀ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ ਉਸ ਵੱਲੋਂ ਹੀ ਅਲਕੋਹਲ ਦੀ ਵੱਡੀ ਖੇਪ ਮੰਗਵਾਈ ਗਈ ਸੀ। ਪੁਲਸ ਨੇ ਮੰਗਲਵਾਰ ਦਿਨੇ ਫਿਰ ਛਾਪਾ ਮਾਰ ਕੇ ਉਕਤ ਖੇਤ ਅਤੇ ਆਸ ਪਾਸ ਦੇ ਖੇਤਾਂ ਚੋਂ 10 ਕੈਨ ਹੋਰ ਅਲਕੋਹਲ ਦੇ ਬਰਾਮਦ ਕੀਤੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਸ ਵੱਲੋਂ ਜਿਥੇ ਅਲਕੋਹਲ ਦੀ ਬਰਾਮਦੀ ਘੱਟ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਮੌਕੇ 'ਤੇ ਕਾਬੂ ਕੀਤੇ ਗਏ ਵਿਅਕਤੀ ਨੂੰ ਬਚਾਉਣ ਲਈ ਵੀ ਕਈ ਪ੍ਰਕਾਰ ਦੇ ਰਾਹ ਲੱਭੇ ਜਾ ਰਹੇ ਹਨ।
ਥਾਣਾ ਮੁੱਖੀ ਇੰ. ਰਵਿੰਦਰ ਸਿੰਘ ਨੇ ਅਲਕੋਹਲ ਬਰਾਮਦੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।