ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵਪਾਰੀ ਨੇ ਨਿਗਲਿਆ ਜ਼ਹਿਰ, ਮੌਤ
Tuesday, Oct 10, 2017 - 12:49 PM (IST)

ਜਗਰਾਓਂ (ਜਸਬੀਰ ਸ਼ੇਤਰਾ) : ਸਥਾਨਕ ਪੁਰਾਣੀ ਦਾਣਾ ਮੰਡੀ ਦੇ 45 ਸਾਲਾ ਇਕ ਵਪਾਰੀ ਵਲੋਂ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਨੇ ਬਾਅਦ ਦੁਪਹਿਰ ਆਪਣੀ ਦੁਕਾਨ 'ਤੇ ਹੀ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਰਕੇ ਬਾਅਦ 'ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਹਰੀ ਰਤਨ ਬੱਬੂ ਪ੍ਰਧਾਨ ਰੋਟਰੀ ਕਲੱਬ ਅਤੇ ਨਜ਼ਦੀਕੀ ਦੋਸਤ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਕੇਸ਼ ਕੁਮਾਰ ਕਈ ਕਾਰਨਾਂ ਕਰ ਕੇ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਸੀ। ਇਸੇ ਮਾਨਸਿਕ ਪ੍ਰੇਸ਼ਾਨੀ 'ਚ ਉਸ ਨੇ ਜ਼ਹਿਰ ਖਾ ਲਿਆ, ਜਿਸ 'ਤੇ ਉਸ ਨੂੰ ਫੌਰੀ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਸਿਟੀ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਜਾਣਕਾਰੀ ਅਨੁਸਾਰ ਪੁਲਸ ਨੂੰ ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਰੈਕੇਸ਼ ਕੁਮਾਰ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ, ਉਸ ਦੇ ਖੁਦਕੁਸ਼ੀ ਕਰਨ ਲੈਣ ਦੀ ਸੂਚਨਾ ਮਿਲਦੇ ਹੀ ਪੁਰਾਣੀ ਦਾਣਾ ਮੰਡੀ 'ਚ ਸੋਗ ਦੀ ਲਹਿਰ ਦੌੜ ਗਈ।
ਖਲੀਫਾ ਨੇ ਕਿਹਾ ਕਿ ਰਾਕੇਸ਼ ਕੁਮਾਰ ਦੀ ਮਾਨਸਿਕ ਪ੍ਰੇਸ਼ਾਨੀ ਦੀ ਇਕ ਵਜ੍ਹਾ ਉਸ ਨੂੰ ਇਨਕਮ ਟੈਕਸ ਦਾ ਨੋਟਿਸ ਮਿਲਣਾ ਵੀ ਸੀ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮ੍ਰਿਤਕ ਦੀ ਜੇਬ 'ਚੋਂ ਸੁਸਾਈਡ ਨੋਟ ਮਿਲਣ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਕਿਹਾ ਕਿ ਇਸ ਸੁਸਾਈਡ ਨੋਟ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਰ ਕੇ ਖ਼ੁਦਕੁਸ਼ੀ ਕਰਨ ਦਾ ਜ਼ਰੂਰ ਜ਼ਿਕਰ ਹੈ ਪਰ ਇਸ 'ਚ ਕਿਧਰੇ ਵੀ ਇਨਕਮ ਟੈਕਸ ਦਾ ਨੋਟਿਸ ਮਿਲਣ ਕਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਨਹੀਂ ਲਿਖੀ ਹੋਈ।