ਇਕ ਖਿਡਾਰੀ ਦੇ ਆਧਾਰ ਕਾਰਡ ਨੂੰ ਗਲਤ ਦੱਸ ਕੇ ਪੂਰੀ ਟੀਮ ਨੂੰ ਕੀਤਾ ਬਾਹਰ

09/24/2017 11:59:30 AM

ਚੀਮਾ ਮੰਡੀ (ਬੇਦੀ)-ਪੰਜਾਬ ਖੇਡਾਂ ਦੇ ਖੇਤਰ ਵਿਚ ਦੂਸਰੇ ਸੂਬਿਆਂ ਨਾਲੋਂ ਕਿਉਂ ਪੱਛੜ ਰਿਹਾ ਹੈ। ਇਹ ਸਵਾਲ ਹਰ ਪੰਜਾਬੀ ਦੇ ਮਨ ਵਿਚ ਹੈ ਪਰ ਅਸਲ ਵਿਚ ਇਸ ਲਈ ਕੌਣ ਜ਼ਿੰਮੇਵਾਰ ਹੈ, ਇਸ ਦੀ ਛੋਟੀ ਜਿਹੀ ਉਦਾਹਰਣ ਬੀਤੇ ਦਿਨੀਂ ਪ੍ਰਾਇਮਰੀ ਸਕੂਲਾਂ ਦੀਆਂ ਹੋ ਰਹੀਆਂ ਜ਼ਿਲਾ ਪੱਧਰੀ ਖੇਡਾਂ ਵਿਚ ਵੇਖਣ ਨੂੰ ਮਿਲੀ ਜਦੋਂ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੀ ਨੈਸ਼ਨਲ ਕਬੱਡੀ ਦੀ ਟੀਮ, ਜੋ ਆਪਣੇ ਗਰੁੱਪ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ, ਦੇ ਇਕ ਖਿਡਾਰੀ ਦੇ ਆਧਾਰ ਕਾਰਡ ਨੂੰ ਗਲਤ ਦੱਸ ਕੇ ਪੂਰੀ ਟੀਮ ਨੂੰ ਸਕਰੈਚ ਕਰ ਦਿੱਤਾ ਗਿਆ।
ਸਕੂਲ ਦੇ ਐੱਮ. ਡੀ. ਵਿਕਰਮ ਸ਼ਰਮਾ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਕਤ ਟੀਮ ਦਾ ਮੁਕਾਬਲਾ ਮਾਲੇਰਕੋਟਲਾ ਬਲਾਕ ਦੀ ਟੀਮ ਨਾਲ ਸੀ। ਵਿਰੋਧੀ ਟੀਮ ਦੇ ਸਾਰੇ ਖਿਡਾਰੀ ਸਰਕਾਰੀ ਸਕੂਲ ਦੇ ਸਨ। ਇਸ ਖੇਡ ਮੁਕਾਬਲੇ ਲਈ ਬਣਾਈ ਗਈ ਕਮੇਟੀ ਨੇ ਖਿਡਾਰੀਆਂ ਦੇ ਦਾਖਲਾ ਨੰਬਰ, ਆਧਾਰ ਕਾਰਡ, ਈ-ਪੰਜਾਬ, ਬੈਂਕ ਕਾਪੀ ਤੋਂ ਸਾਰੇ ਸਬੂਤ ਚੈੱਕ ਕੀਤੇ, ਜੋ ਸਹੀ ਸਨ ਅਤੇ ਜਦੋਂ ਉਨ੍ਹਾਂ ਨੂੰ ਹੋਰ ਕੋਈ ਬਹਾਨਾ ਨਾ ਮਿਲਿਆ ਤਾਂ ਚੀਮਾ ਸਕੂਲ ਦੇ ਇਕ ਖਿਡਾਰੀ 'ਤੇ ਕਥਿਤ ਇਹ ਦੋਸ਼ ਲਾ ਕੇ ਇਸ ਦਾ ਆਧਾਰ ਕਾਰਡ ਗਲਤ ਹੈ, ਪੂਰੀ ਟੀਮ ਨੂੰ ਹੀ ਸਕਰੈਚ ਕਰ ਦਿੱਤਾ ਜਦੋਂਕਿ ਉਹ ਆਧਾਰ ਕਾਰਡ ਬਿਲਕੁਲ ਸਹੀ ਹੈ।
ਉਨ੍ਹਾਂ ਕਿਹਾ ਕਿ ਸਕੂਲ ਵਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਲੈਟਰ ਪੈਡ 'ਤੇ ਲਿਖ ਕੇ ਦਿੰਦੇ ਹਾਂ ਜੇ ਸਾਡਾ ਬੱਚਾ ਗਲਤ ਹੋਇਆ ਤਾਂ ਸਕੂਲ ਦੀ ਮਾਨਤਾ ਤਕ ਰੱਦ ਕੀਤੀ ਜਾਵੇ ਪਰ ਕਮੇਟੀ ਨੇ ਤਾਂ ਸਰਕਾਰ ਨੂੰ ਸਿਰਫ ਇਹ ਹੀ ਦਿਖਾਉਣਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਖੇਡਾਂ ਵਿਚ ਅੱਗੇ ਹਨ ਪਰ ਉਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਇਹ ਬੱਚੇ ਆਪਣੇ ਛਿਮਾਹੀ ਇਮਤਿਹਾਨ ਛੱਡ ਕੇ ਖੇਡ ਰਹੇ ਸਨ।
ਸਕੂਲ ਵਲੋਂ ਇਸ ਦੀ ਪੂਰੀ ਰਿਪੋਰਟ ਖੇਡ ਕਨੀਵਰ ਅਮਰ ਸਿੰਘ, ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਮੈਡਮ ਬਲਵਿੰਦਰ ਕੌਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ  ਭੇਜੀ ਗਈ ਹੈ ਤਾਂ ਜੋ ਖਿਡਾਰੀਆਂ ਨੂੰ ਇਨਸਾਫ ਮਿਲ ਸਕੇ।


Related News