ਦਿੱਲੀ ਕੈਪੀਟਲਜ਼ ਨੂੰ ਝਟਕਾ, ਸਟਾਰ ਖਿਡਾਰੀ IPL 2024 ਤੋਂ ਬਾਹਰ
Tuesday, Apr 23, 2024 - 01:27 PM (IST)
ਨਵੀਂ ਦਿੱਲੀ— ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਹੈਮਸਟ੍ਰਿੰਗ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਤੋਂ ਬਾਹਰ ਹੋ ਗਏ ਹਨ। ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਕਿਹਾ ਕਿ ਹਰਫਨਮੌਲਾ ਮਿਸ਼ੇਲ ਮਾਰਸ਼ ਆਈਪੀਐੱਲ 2024 ਦੇ ਬਾਕੀ ਬਚੇ ਭਾਗਾਂ ਵਿੱਚ ਹਿੱਸਾ ਨਹੀਂ ਲੈਣਗੇ।
ਮਾਰਸ਼ ਇਸ ਸਮੇਂ ਸੱਜੇ ਹੈਮਸਟ੍ਰਿੰਗ ਦੀ ਸਮੱਸਿਆ ਤੋਂ ਉਭਰ ਰਿਹਾ ਹੈ। ਇਸ ਸੱਟ ਤੋਂ ਉਭਰਨ ਤੋਂ ਬਾਅਦ ਉਹ ਭਾਰਤ ਨਹੀਂ ਪਰਤਣਗੇ ਅਤੇ ਆਸਟ੍ਰੇਲੀਆ 'ਚ ਹੀ ਰਹਿਣਗੇ। ਮਾਰਸ਼ ਕ੍ਰਿਕਟ ਆਸਟ੍ਰੇਲੀਆ (ਸੀਏ) ਦੀ ਮੈਡੀਕਲ ਟੀਮ ਨਾਲ ਸਲਾਹ ਕਰਨ ਲਈ 12 ਅਪ੍ਰੈਲ ਨੂੰ ਪਰਥ ਪਰਤਿਆ ਸੀ। ਇਹ ਫੈਸਲਾ ਕਰਨ ਵਿੱਚ ਥੋੜੀ ਦੇਰੀ ਹੋਈ ਸੀ ਕਿ ਉਹ ਆਈਪੀਐੱਲ ਵਿੱਚ ਵਾਪਸੀ ਕਰੇਗਾ ਜਾਂ ਨਹੀਂ, ਕਿਉਂਕਿ ਮਾਰਸ਼ ਨੂੰ ਆਪਣੀ ਸੱਟ ਨੂੰ ਠੀਕ ਕਰਨ ਅਤੇ ਮੁੜ ਮੁਲਾਂਕਣ ਕਰਨ ਲਈ ਕਾਫ਼ੀ ਸਮਾਂ ਦਿੱਤਾ ਜਾ ਰਿਹਾ ਸੀ।
ਪੋਂਟਿੰਗ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਉਹ ਵਾਪਸੀ ਕਰੇਗਾ। ਸੀਏ ਚਾਹੁੰਦਾ ਸੀ ਕਿ ਮਾਰਸ਼ ਦੀ ਸੱਟ ਤੋਂ ਰਿਕਵਰੀ ਆਸਟ੍ਰੇਲੀਆ 'ਚ ਹੋਵੇ। ਇਸ ਕਾਰਨ ਅਸੀਂ ਉਸ ਨੂੰ ਘਰ ਵਾਪਸ ਭੇਜ ਦਿੱਤਾ। ਸੀਏ ਦਾ ਮੈਡੀਕਲ ਸਟਾਫ਼ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੇ ਪੁਨਰਵਾਸ 'ਤੇ ਕੰਮ ਕਰ ਰਿਹਾ ਹੈ। ਮੈਂ ਹਾਲ ਹੀ ਵਿੱਚ ਮਾਰਸ਼ ਨਾਲ ਗੱਲ ਕੀਤੀ ਸੀ ਅਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਸੱਟ ਤੋਂ ਉਭਰਨ ਵਿੱਚ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਉਹ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਠੀਕ ਹੋ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਮਾਰਸ਼ ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕਰਨਗੇ। ਮਾਰਸ਼ ਨੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡੇ ਚਾਰ ਮੈਚਾਂ ਵਿੱਚ ਸਿਰਫ਼ 61 ਦੌੜਾਂ ਬਣਾਈਆਂ ਸਨ। ਤਿੰਨ ਪਾਰੀਆਂ ਵਿੱਚ ਉਨ੍ਹਾਂ ਦਾ ਉੱਚ ਸਕੋਰ 23 ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਠ ਓਵਰ ਸੁੱਟੇ ਅਤੇ 12.87 ਦੀ ਇਕਾਨਮੀ ਰੇਟ ਨਾਲ ਇਕ ਵਿਕਟ ਲਈ।
ਇਹ ਲਗਾਤਾਰ ਦੂਜਾ ਸੀਜ਼ਨ ਹੈ ਜਦੋਂ ਮਾਰਸ਼ ਨੂੰ ਸੀਜ਼ਨ ਦੇ ਅੱਧ ਵਿਚਾਲੇ ਹੀ ਟੀਮ ਛੱਡਣੀ ਪਈ ਹੈ। 2023 ਵਿੱਚ ਵੀ, ਉਨ੍ਹਾਂ ਨੇ ਦਿੱਲੀ ਕੈਪੀਟਲਸ ਲਈ ਸਿਰਫ 9 ਮੈਚ ਖੇਡੇ ਸਨ। ਡੀਸੀ ਤਿੰਨ ਜਿੱਤਾਂ ਅਤੇ ਪੰਜ ਹਾਰਾਂ ਨਾਲ ਅੰਕ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ। ਹਾਲਾਂਕਿ, ਉਨ੍ਹਾਂ ਕੋਲ ਅਜੇ ਛੇ ਹੋਰ ਮੈਚ ਖੇਡਣੇ ਹਨ ਅਤੇ ਉਹ ਅਜੇ ਵੀ ਪਲੇਆਫ ਦੀ ਦੌੜ ਵਿੱਚ ਬਣੇ ਹੋਏ ਹਨ।