ਵਿਸ਼ਵ ਕੱਪ ਟੀਮ ’ਚ ਸਿਰਫ ਇਕ ਅਸ਼ਵੇਤ ਅਫਰੀਕੀ ਖਿਡਾਰੀ ਹੋਣ ਨਾਲ CSA ਦੀ ਆਲੋਚਨਾ
Wednesday, May 15, 2024 - 09:04 PM (IST)
ਜੋਹਾਨਸਬਰਗ–ਟੀ-20 ਵਿਸ਼ਵ ਕੱਪ ਟੀਮ ਵਿਚ ਕੈਗਿਸੋ ਰਬਾਡਾ ਦੇ ਰੂਪ ਵਿਚ ਸਿਰਫ ਇਕ ਹੀ ਅਸ਼ਵੇਤ ਅਫਰੀਕੀ ਖਿਡਾਰੀ ਨੂੰ ਸ਼ਾਮਲ ਕਰਨ ਲਈ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਦੀ ਆਲੋਚਨਾ ਹੋ ਰਹੀ ਹੈ। ਦੱਖਣੀ ਅਫਰੀਕਾ ਦੀ 15 ਮੈਂਬਰੀ ਟੀਮ ਵਿਚ ਰਬਾਡਾ ਸਮੇਤ 6 ਅਸ਼ਵੇਤ ਖਿਡਾਰੀ ਸ਼ਾਮਲ ਹਨ ਪਰ ਵਿਸ਼ਵ ਕੱਪ ਟੀਮ ਰਬਾਡਾ ਇਕਲੌਤਾ ਅਸ਼ਵੇਤ ਖਿਡਾਰੀ ਹੈ। ਹੋਰਨਾਂ ਅਸ਼ਵੇਤ ਖਿਡਾਰੀਆਂ ਵਿਚ ਰੀਜਾ ਹੈਂਡ੍ਰਿਕਸ, ਬਿਓਰਨ ਫੋਰਟੂਈਨ, ਕੇਸ਼ਵ ਮਹਾਰਾਜ, ਤਬਰੇਜ ਸ਼ੰਮਸੀ ਤੇ ਓਟਿਨਿਏਲ ਬਾਰਟਮੈਨ ਮੌਜੂਦ ਹਨ।
ਸੀ. ਐੱਸ. ਏ. ਦੇ ਬਦਲਾਅ ਲਿਆਉਣ ਦੇ ਟੀਚੇ ਦੇ ਤਹਿਤ ਇਕ ਸੈਸ਼ਨ ਦੌਰਾਨ ਦੱਖਣੀ ਅਫਰੀਕਾ ਦੀ ਆਖਰੀ-11 ਵਿਚ 6 ਅਸ਼ਵੇਤ ਖਿਡਾਰੀਆਂ ਦਾ ਹੋਣਾ ਜ਼ਰੂਰੀ ਹੈ, ਜਿਨ੍ਹਾਂ ਵਿਚੋਂ ਦੋ ਅਸ਼ਵੇਤ ਖਿਡਾਰੀ ਅਫਰੀਕੀ ਹੋਣੇ ਚਾਹੀਦੇ ਹਨ ਪਰ ਟੀ-20 ਵਿਸ਼ਵ ਕੱਪ ਲਈ ਚੁਣੀ ਟੀਮ ਵਿਚ ਰਬਾਡਾ ਦੇ ਰੂਪ ਵਿਚ ਸਿਰਫ ਇਕ ਅਫਰੀਕੀ ਅਸ਼ਵੇਤ ਖਿਡਾਰੀ ਮੌਜੂਦ ਹੈ। ਸੀ. ਐੱਸ. ਏ. ਦੇ ਆਪਣੇ ਟੀਚੇ ਨੂੰ ਪੂਰਾ ਨਾ ਕਰਨ ਦੀ ਵਜ੍ਹਾ ਨਾਲ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ।
ਦੱਖਣੀ ਅਫਰੀਕਾ ਦਾ ਸਾਬਕਾ ਖੇਡ ਮੰਤਰੀ ਫਿਕਿਲੇ ਐਮਬਾਲੁਲਾ ਨੇ ਟੀਮ ਦੀ ਚੋਣ ’ਤੇ ਸਵਾਲ ਚੁੱਕਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਆਗਾਮੀ ਟੀ-20 ਵਿਸ਼ਵ ਕੱਪ 2024 ਦੀ ਟੀਮ ਲਈ ਸਿਰਫ ਇਕ ਅਸ਼ਵੇਤ ਅਫਰੀਕੀ ਖਿਡਾਰੀ ਨੂੰ ਦੱਖਣੀ ਅਫਰੀਕਾ ਦੀ ਟੀਮ ਵਿਚ ਚੁਣਿਆ ਗਿਆ ਹੈ। ਨਿਸ਼ਚਿਤ ਰੂਪ ਨਾਲ ਇਹ ਬਦਲਾਅ ਲਿਆਉਣ ਦੇ ਟੀਚੇ ਨਾਲ ਉਲਟ ਹੈ ਤੇ ਇਸ ਵਿਚ ਦੱਖਣੀ ਅਫਰੀਕੀ ਲੋਕਾਂ ਦੀ ਠੀਕ ਪ੍ਰਤੀਨਿਧਤਾ ਨਹੀਂ ਹੈ।’’
ਐੱਸ. ਏ. ਬੀ. ਸੀ. ਸਪੋਰਟ ’ਤੇ ਸੀ. ਐੱਸ. ਏ. ਦੇ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸਾਬਕਾ ਮੁਖੀ ਰੇ ਮਾਲੀ ਨੇ ਕਿਹਾ ਕਿ ਦੇਸ਼ ਇਸ ਖੇਡ ਵਿਚ ਪਿਛੜ ਰਿਹਾ ਹੈ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਬਹੁਤ ਕਝ ਹਾਸਲ ਕਰ ਲਿਆ ਗਿਆ ਪਰ ਮੇਰਾ ਮੰਨਣਾ ਹੈ ਕਿ ਅਸੀਂ ਕ੍ਰਿਕਟ ਦੇ ਮਾਮਲੇ ਵਿਚ ਪਿਛੜ ਰਹੇ ਹਾਂ। ਅਸੀਂ ਅੱਗੇ ਵਧਣ ਦੀ ਬਜਾਏ ਇਕ ਕਦਮ ਪਿੱਛੇ ਲੈ ਲਿਆ ਹੈ।’’ ਉਸ ਨੇ ਕਿਹਾ,‘‘ਮੈਂ ਇਹ ਸਮਝ ਨਹੀਂ ਪਾ ਰਿਹਾ ਹਾਂ ਕਿ ਅਸੀਂ ਦੱਖਣੀ ਅਫਰੀਕਾ ਕ੍ਰਿਕਟ ਟੀਮ ਵਿਚ ਜ਼ਿਆਦਾ ਗਿਣਤੀ ਵਿਚ ਅਸ਼ਵੇਤ ਖਿਡਾਰੀਆਂ ਨੂੰ ਕਿਉਂ ਨਹੀਂ ਰੱਖ ਸਕੇ। ਇਹ ਮਨਜ਼ੂਰ ਨਹੀਂ ਹੈ।’’
ਇਸ ਸਮੇਂ ਸੀ. ਐੱਸ. ਏ. ਦੀ ਚੋਣ ਕਮੇਟੀ ਨਹੀਂ ਹੈ ਤੇ ਟੀਮ ਦੀ ਚੋਣ ਮੁੱਖ ਕੋਚ ਸ਼ੁਕ੍ਰੀ ਕੋਨਰਾਡ (ਟੈਸਟ) ਤੇ ਰੌਬ ਵਾਲਟਰ (ਸਫੈਦ ਗੇਂਦ ਦੀ ਕ੍ਰਿਕਟ) ਵੱਲੋਂ ਕੀਤੀ ਜਾਂਦੀ ਹੈ। ਵਾਲਟਰ ਨੇ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਆਈ. ਸੀ. ਸੀ. ਟੂਰਨਾਮੈਂਟ ਲਈ ਚੁਣੀ ਗਈ ਟੀਮ ਦੀ ਚੋਣ ਦਾ ਬਚਾਅ ਕਰਦੇ ਹੋਏ ਕਿਹਾ ਕਿ ਘਰੇਲੂ ਸਰਕਟ ਵਿਚ ਚੋਣ ਲਈ ਇੰਨੀ ਗਹਿਰਾਈ ਮੌਜੂਦ ਨਹੀਂ ਹੈ। ਲੂੰਗੀ ਇਨਗਿਡੀ ਵੀ ਅਸ਼ਵੇਤ ਅਫਰੀਕੀ ਹੈ, ਜਿਹੜਾ ਰਿਜ਼ਰਵ ਦੇ ਤੌਰ ’ਤੇ ਟੀਮ ਦੇ ਨਾਲ ਜਾਵੇਗਾ ਪਰ ਉਹ ਮੁੱਖ ਟੀਮ ਦਾ ਹਿੱਸਾ ਨਹੀਂ ਹੈ।