ਅਪਾਹਜ ਹੋਈ ਅੰਗਹੀਣਤਾ ਸਰਟੀਫਿਕੇਟ ਬਣਾਉਣ ਦੀ ਯੋਜਨਾ
Monday, Dec 04, 2017 - 07:18 AM (IST)
ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਬੇਸ਼ੱਕ ਅੰਗਹੀਣਾਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹੋਣ ਪਰ ਅਸਲੀਅਤ 'ਚ ਹਾਲਾਤ ਇਹ ਹਨ ਕਿ ਸਰਕਾਰ ਦੀਆਂ ਕਥਿਤ ਯੋਜਨਾਵਾਂ ਦਾ ਲਾਭ ਲੈਣ ਲਈ ਅੰਗਹੀਣਾਂ ਲਈ ਮੁੱਢਲੀ ਜ਼ਰੂਰਤ ਵਜੋਂ ਵਰਤਿਆ ਜਾਣ ਵਾਲਾ ਅੰਗਹੀਣਤਾ ਸਰਟੀਫਿਕੇਟ ਬਣਾਉਣ ਵਾਸਤੇ ਉਨ੍ਹਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਜ਼ਿਲਾ ਤਰਨਤਾਰਨ ਦੇ ਹੀ ਅੰਕੜਿਆਂ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਹਾਲਾਤ ਇਸ ਤਰ੍ਹਾਂ ਬਦਤਰ ਦਿਖਾਈ ਦਿੰਦੇ ਹਨ ਕਿ ਅੰਗਹੀਣਤਾ ਸਰਟੀਫਿਕੇਟ ਬਣਾਉਣ ਦੀ ਯੋਜਨਾ ਖੁਦ ਹੀ ਅਪਾਹਜ ਹੋਈ ਪਈ ਹੈ। ਜ਼ਿਲੇ 'ਚ ਅੱਖਾਂ ਦਾ ਮਾਹਿਰ ਕੋਈ ਵੀ ਡਾਕਟਰ ਨਹੀਂ ਹੈ, ਜਦਕਿ ਹੱਡੀਆਂ ਦੇ ਮਾਹਿਰ ਸਿਰਫ਼ ਦੋ ਡਾਕਟਰ ਹਨ, ਜਿਸ ਕਾਰਨ ਜ਼ਿਲੇ ਦੇ ਲੋਕਾਂ ਨੂੰ ਦੂਰ-ਦੁਰਾਡੇ ਭਟਕਣਾ ਪੈਂਦਾ ਹੈ। ਜ਼ਿਲੇ ਭਰ 'ਚੋਂ ਇਕੱਤਰ ਅੰਕੜਿਆਂ ਮੁਤਾਬਕ ਸਿਰਫ਼ ਸੀ. ਐੱਚ. ਸੀ. ਸੁਰਸਿੰਘ ਅਤੇ ਖੇਮਕਰਨ ਹੀ ਅਜਿਹੇ ਬਲਾਕ ਹਨ, ਜਿੱਥੇ ਅੰਗਹੀਣਤਾ ਸਰਟੀਫਿਕੇਟ ਬਣਦੇ ਹਨ, ਜਦਕਿ ਸੀ. ਐੱਚ. ਸੀ. ਝਬਾਲ, ਸਰਹਾਲੀ, ਮੀਆਂਵਿੰਡ ਸਮੇਤ ਜ਼ਿਲੇ ਦੇ ਬਾਕੀ ਸੀ. ਐੱਚ. ਸੀ. ਵੱਲੋਂ ਅੰਗਹੀਣਾਂ ਨੂੰ ਸਰਟੀਫਿਕੇਟ ਬਣਾਉਣ ਦੇ ਮਾਮਲੇ 'ਚ ਹੱਥ ਖੜ੍ਹੇ ਕਰ ਦਿੱਤੇ ਜਾਂਦੇ ਹਨ। ਜ਼ਿਲੇ ਦੇ ਵੱਖ-ਵੱਖ ਕਮਿਊਨਿਟੀ ਹੈਲਥ ਸੈਂਟਰਾਂ ਤੋਂ ਇਕੱਤਰ ਰਿਪੋਰਟ ਲਗਭਗ ਇਕੋ ਜਿਹੀ ਹੈ, ਜਿਸ ਕਾਰਨ ਅੰਗਹੀਣਾਂ ਨੂੰ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
