ਸੰਗਰੂਰ ਦੇ 18 ਵਿੱਦਿਅਕ ਅਦਾਰਿਆਂ ਦੀ ਗ੍ਰੀਨ ਸਕੂਲ ਐਵਾਰਡ ਲਈ ਹੋਈ ਚੋਣ

Sunday, Dec 28, 2025 - 06:21 PM (IST)

ਸੰਗਰੂਰ ਦੇ 18 ਵਿੱਦਿਅਕ ਅਦਾਰਿਆਂ ਦੀ ਗ੍ਰੀਨ ਸਕੂਲ ਐਵਾਰਡ ਲਈ ਹੋਈ ਚੋਣ

ਸੰਗਰੂਰ (ਵਿਵੇਕ ਸਿਧਵਾਨੀ, ਯਾਦਵਿੰਦਰ)- ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ , ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ , ਨਵੀਂ ਦਿੱਲੀ ਦੇ ਸਾਂਝੇ ਉੱਦਮ ਨਾਲ ਦੇਸ਼ ਭਰ ਦੇ ਸਕੂਲਾਂ ’ਚ ਗ੍ਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।

ਉਕਤ ਪ੍ਰੋਗਰਾਮ ਤਹਿਤ ਜ਼ਿਲਾ ਸੰਗਰੂਰ ਲਈ ਇਹ ਮਾਣ ਵਾਲੀ ਗੱਲ ਰਹੀ ਜਦੋਂ ਜ਼ਿਲਾ ਸੰਗਰੂਰ ਦੇ 18 ਸਕੂਲਾਂ ਨੂੰ ਗ੍ਰੀਨ ਐਵਾਰਡ 2025 ਲਈ ਚੁਣਿਆ ਗਿਆ ਅਤੇ ਨਾਲ ਹੀ ਪੂਰੇ ਪੰਜਾਬ ਭਰ ’ਚ ਗ੍ਰੀਨ ਸਕੂਲ ਆਡਿਟ ਦੀ ਰਜਿਸਟ੍ਰੇਸ਼ਨ ਵਿਚ ਵੀ ਜ਼ਿਲਾ ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ‘ਜਗ ਬਾਣੀ’ ਨਾਲ਼ ਗੱਲ ਕਰਦਿਆਂ ਇਸ ਸਬੰਧੀ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਨਜੀਤ ਕੌਰ ਨੇ ਹੋਰ ਵਿਸਥਾਰ ਪੂਰਵਕ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ , ਪਾਣੀ , ਧਰਤੀ , ਭੋਜਨ ਤੇ ਊਰਜਾ ਦੀ ਸੰਭਾਲ ਅਨੁਸਾਰ ਸਰਵੇ ਕੀਤਾ ਗਿਆ । ਇਸ ਵਾਰ ਪੰਜਾਬ ਦੇ ਕੁੱਲ 6263 ਸਕੂਲਾਂ ਨੇ ਆਡਿਟ ਲਈ ਰਜਿਸਟਰੇਸ਼ਨ ਕੀਤੀ, ਜਿਸ ’ਚ ਪੂਰੇ ਪੰਜਾਬ ’ਚੋਂ ਸੰਗਰੂਰ ਦੂਸਰੇ ਨੰਬਰ ’ਤੇ ਰਿਹਾ ।

ਜ਼ਿਲ੍ਹੇ ਦੇ ਸਕੂਲ ਜਿਨ੍ਹਾਂ ਨੂੰ ਗ੍ਰੀਨ ਐਵਾਰਡ ਲਈ ਚੁਣਿਆ ਗਿਆ

ਉਕਤ ਪ੍ਰੋਗਰਾਮ ਦੇ ਜ਼ਿਲਾ ਕੋਆਰਡੀਨੇਟਰ ਹੈਡ ਮਾਸਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਸੰਗਰੂਰ ’ਚੋਂ ਸਰਕਾਰੀ ਹਾਈ ਸਕੂਲ ਕਿਲ੍ਹਾ ਹਕੀਮਾਂ, ਸਰਕਾਰੀ ਹਾਈ ਸਕੂਲ ਖੇੜੀ , ਸਰਕਾਰੀ ਹਾਈ ਸਕੂਲ ਬਲਿਆਲ , ਸਰਕਾਰੀ ਹਾਈ ਸਕੂਲ ਢੰਡਿਆਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ , ਸਰਕਾਰੀ ਸੀਨੀਅਰ ਸੈਕੰਡਰੀ ਐੱਸ. ਓ. ਈ. ਸਕੂਲ ਛਾਜਲੀ , ਸਰਕਾਰੀ ਸੀਨੀਅਰ ਸੈਕੰਡਰੀ ਐੱਸ. ਓ. ਈ. ਸਕੂਲ ਸੰਗਰੂਰ , ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸੰਗਰੂਰ , ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ , ਸਰਕਾਰੀ ਪ੍ਰਾਇਮਰੀ ਸਕੂਲ ਦੁੱਗਾਂ , ਸਰਕਾਰੀ ਪ੍ਰਾਇਮਰੀ ਸਕੂਲ ਝਨੇੜੀ, ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ , ਸੱਤਿਆ ਭਾਰਤੀ ਸਕੂਲ ਪੰਨਵਾਂ , ਸੱਤਿਆ ਭਾਰਤੀ ਸਕੂਲ ਬਖਤੜੀ , ਸੱਤਿਆ ਭਾਰਤੀ ਸਕੂਲ ਝਨੇੜੀ , ਸੱਤਿਆ ਭਾਰਤੀ ਸਕੂਲ ਖੁਰਾਣਾ ਤੇ ਸੱਤਿਆ ਭਾਰਤੀ ਸਕੂਲ ਬਲਿਆਲ ਸ਼ਾਮਲ ਹਨ । ਜ਼ਿਲਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਗ੍ਰੀਨ ਸਕੂਲ ਪ੍ਰੋਗਰਾਮ ਕਾਰਨੀਵਾਲ ਤੇ 30 ਜਨਵਰੀ 2026 ਨੂੰ ਸਨਮਾਨਿਤ ਕੀਤਾ ਜਾਵੇਗਾ ।

ਕੀ ਕਹਿਣਾ ਵਾਤਾਵਰਣ ਪ੍ਰੇਮੀਆਂ ਦਾ

ਵਾਤਾਵਰਨ ਪ੍ਰੇਮੀ ਰੋਸ਼ਨ ਅਗਰਵਾਲ, ਐਡਵੋਕੇਟ ਨਰੇਸ਼ ਜੁਨੇਜਾ, ਜਤਿੰਦਰ ਕਾਲੜਾ ਅਤੇ ਐਡਵੋਕੇਟ ਆਨੰਦ ਕਮਲ ਨੇ ਗਰੀਨ ਸਕੂਲ ਆਡਿਟ ਟੀਮ ਸੰਗਰੂਰ ਦੀ ਸ਼ਲਾਘਾ ਕਰਦੇ ਹੋਏ ਚੁਣੇ ਗਏ ਗਰੀਨ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਮੁੱਚੇ ਜ਼ਿਲ੍ਹੇ ਸੰਗਰੂਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਇਨ੍ਹਾਂ ਸਕੂਲਾਂ ਵੱਲੋਂ ਆਪਣੇ ਸਕੂਲਾਂ ਨੂੰ ਗ੍ਰੀਨ ਬਣਾਉਣ ਲਈ ਕੀਤੇ ਯਤਨ ਪ੍ਰਸ਼ੰਸਾਯੋਗ ਹਨ।


author

Anmol Tagra

Content Editor

Related News