ਪਿਸਟਲ ਵਿਖਾ ਕੇ ਨੌਜਵਾਨ ਦਾ ਮੋਟਰ ਸਾਈਕਲ ਅਤੇ ਮੋਬਾਇਲ ਖੋਹਿਆ

Saturday, Mar 12, 2022 - 06:11 PM (IST)

ਪਿਸਟਲ ਵਿਖਾ ਕੇ ਨੌਜਵਾਨ ਦਾ ਮੋਟਰ ਸਾਈਕਲ ਅਤੇ ਮੋਬਾਇਲ ਖੋਹਿਆ

ਤਰਨਤਾਰਨ (ਰਾਜੂ,ਬਲਵਿੰਦਰ ਕੌਰ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਕੰਡਿਆਲਾ ਦੇ ਨਜ਼ਦੀਕ ਪਲਸਰ ਮੋਟਰਸਾਈਕਲ ਸਵਾਰ ਦੋ ਵਿਅਕਤੀ ਪਿਸਟਲ ਨਾਲ ਫਾਇਰ ਕਰਕੇ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸ਼ਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਰਾਲੀ ਮੰਡ ਨੇ ਦੱਸਿਆ ਕਿ ਬੀਤੇ ਦਿਨ ਉਹ ਵਕਤ ਕਰੀਬ 2.30 ਵਜੇ ਆਪਣੇ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ.ਬੀ.38.ਬੀ.9320 ’ਤੇ ਸਵਾਰ ਹੋ ਕੇ ਪੱਟੀ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਪਿੰਡ ਕੰਡਿਆਲਾ ਦੇ ਨਜ਼ਦੀਕ ਪੁੱਜਾ ਤਾਂ ਪਲਸਰ ਮੋਟਰ ਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਪਿਸਟਲ ਵਿਖਾ ਕੇ ਉਸ ਦਾ ਮੋਬਾਇਲ ਵੀਵੋ ਅਤੇ ਮੋਟਰ ਸਾਈਕਲ ਖੋਹ ਲਿਆ। ਜਦ ਉਸ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਪੈਰਾਂ ਵਿਚ ਫਾਇਰ ਕੀਤਾ, ਜਿਸ ’ਤੇ ਉਹ ਡਰਦਾ ਹੋਇਆ ਪਿੱਛੇ ਹੋ ਗਿਆ ਤਾਂ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮੁਕੱਦਮਾ ਨੰਬਰ 46 ਧਾਰਾ 379ਬੀ (2)/34 ਆਈ.ਪੀ.ਸੀ., 25/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News