35 ਕੁ ਸਾਲ ਪੁਰਾਣੀ ਪਾਈਪ ਲਾਈਨ ’ਤੇ ਨਿਰਭਰ ਹੈ ਸ਼ਹਿਰ ਦੀ ਵਾਟਰ ਸਪਲਾਈ

Monday, Jul 16, 2018 - 01:01 AM (IST)

ਗੁਰਦਾਸਪੁਰ,   (ਵਿਨੋਦ)-  ਜਿਵੇਂ ਹੀ ਕਿਸੇ ਇਲਾਕੇ ’ਚ ਕੋਈ ਬੀਮਾਰੀ   ਫੈਲਦੀ ਹੈ ਤਾਂ ਪ੍ਰਸ਼ਾਸਨ ਉਸ ਦੇ ਨਾਲ ਹੀ ਸਰਗਰਮ ਦਿਖਾਈ ਦਿੰਦਾ ਹੈ। ਉਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉੱਚ ਪੱਧਰ ’ਤੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਉਸ ਵਿਸ਼ੇਸ਼ ਇਲਾਕੇ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਤਾਂ ਪ੍ਰਸ਼ਾਸਨ ਫਿਰ ਆਪਣੀ ਪੁਰਾਣੀ ਰਫਤਾਰ ਵਿਚ ਆ ਜਾਂਦਾ ਹੈ। ਇਹੀ ਕਾਰਨ ਹੈ ਕਿ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ’ਚ ਬੀਮਾਰੀਅਾਂ  ਪੈਦਾ  ਹੁੰਦੀਅਾਂ ਹੀ ਰਹਿੰਦੀਅਾਂ ਹਨ, ਜਿਸ ਦੀ ਤਾਜ਼ਾ ਉਦਹਾਰਣ ਬਟਾਲਾ ਦੀ ਇਕ ਵਿਸ਼ੇਸ਼ ਕਾਲੋਨੀ ’ਚ ਬੀਤੇ ਸਾਲ ਗੰਦੇ ਪਾਣੀ ਕਾਰਨ ਫੈਲੀ ਬੀਮਾਰੀ ਨਾਲ ਲਗਭਗ 30 ਲੋਕਾਂ ਦੀਅਾਂ ਮੌਤਾਂ ਹੋਣ ਤੋਂ  ਮਿਲਦੀ ਹੈ। ਜਦੋਂ ਇਸ ਸਬੰਧੀ ਹਸਪਤਾਲਾਂ ਦੇ ਰਿਕਾਰਡ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਲਟੀ, ਦਸਤ, ਹੈਜ਼ਾ ਵਰਗੀਅਾਂ ਜ਼ਿਆਦਾਤਰ ਬੀਮਾਰੀਅਾਂ  ਦਾ ਕਾਰਨ ਪੀਣ ਲਈ ਇਸਤੇਮਾਲ ਕੀਤਾ ਦੂਸ਼ਿਤ ਪਾਣੀ ਹੁੰਦਾ ਹੈ। ਬਰਸਾਤ ਦੇ ਮੌਸਮ ’ਚ ਤਾਂ ਇਹ ਸਮੱਸਿਆ ਲਗਭਗ ਹਰ ਇਲਾਕੇ ਵਿਚ ਗੰਭੀਰ ਹੁੰਦੀ ਹੈ ਜਦਕਿ ਆਮ ਦਿਨਾਂ ’ਚ ਹੀ ਪੀਣ ਵਾਲਾ ਪਾਣੀ ਇੰਨਾ ਦੂਸ਼ਿਤ ਕਿਉਂ ਹੋ ਜਾਂਦਾ ਹੈ। ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਤਾਂ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੁੰਦੀ ਜਿਨ੍ਹਾਂ ਅਧਿਕਾਰੀਅਾਂ ਨੂੰ  ਜਾਣਕਾਰੀ ਹੁੰਦੀ ਹੈ। 
ਬੇਸ਼ੱਕ ਗੁਰਦਾਸਪੁਰ ’ਚ ਸੌ ਫੀਸਦੀ ਸੀਵਰੇਜ ਤੇ ਵਾਟਰ ਸਪਲਾਈ ਸਹੂਲਤ ਮੁਹੱਈਆ ਕਰਵਾਉਣ ਲਈ ਦਾਅਵੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਕਾਂਗਰਸੀ ਤੇ ਅਕਾਲੀ ਮੰਤਰੀ ਵੀ ਸਮੇਂ-ਸਮੇਂ ’ਤੇ ਇਹ ਦਾਅਵੇ ਕਰ ਚੁੱਕੇ ਹਨ। ਸੀਵਰੇਜ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਡਾ. ਬਲਦੇਵ ਚਾਵਲਾ  ਲਗਭਗ ਪੰਜ ਸਾਲ ਇਹ ਸਹੂਲਤ ਸ਼ਹਿਰ ਨੂੰ ਮੁਹੱਈਆ ਕਰਵਾਉਣ ਦੀਆਂ ਗੱਲਾਂ ਕਰਦੇ ਰਹੇ ਪਰ ਜੇ ਗੁਰਦਾਸਪੁਰ ਸ਼ਹਿਰ ਦਾ ਦੌਰਾ ਕੀਤਾ ਜਾਵੇ ਤਾਂ ਸਭ ਤੋਂ ਜ਼ਿਆਦਾ ਖਰਾਬ ਸਥਿਤੀ ਕੁਝ ਵਿਸ਼ੇਸ਼ ਇਲਾਕਿਆਂ ’ਚ ਜ਼ਰੂਰ ਵੇਖਣ ਨੂੰ ਮਿਲਦੀ ਹੈ। 
 ਗੁਰਦਾਸਪੁਰ ਵਿਚ  ਸੰਗਲਪੁਰਾ ਰੋਡ, ਪੁਰਾਣਾ ਸ਼ਹਿਰ, ਗੋਪਾਲ ਸ਼ਾਹ ਰੋਡ, ਪ੍ਰੇਮ ਨਗਰ ਮੁਹੱਲਾ, ਬਾਬੂ ਪਰਮਾਨੰਦ ਮੁਹੱਲਾ ਸਮੇਤ ਕੁਝ ਹੋਰ ਇਲਾਕਿਆਂ ’ਚ ਵਾਟਰ ਸਪਲਾਈ, ਸੀਵਰੇਜ ਤੇ ਟੈਲੀਫੋਨ ਵਿਭਾਗ ਦੀਆਂ ਪਾਈਪਾਂ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ। ਫਿਰ ਇਨ੍ਹਾਂ ਸਾਰੇ ਇਲਾਕਿਆਂ ’ਚ ਵਾਟਰ-ਸਪਲਾਈ ਦੀਅਾਂ  ਪਾਇਪਾਂ ਤਾਂ ਲਗਭਗ 35 ਸਾਲ ਪੁਰਾਣੀਅਾਂ ਪਈਅਾਂ ਹੋਈਆ ਹਨ, ਜਦਕਿ ਸੀਵਰੇਜ ਪ੍ਰਣਾਲੀ ਸੁਵਿਧਾ ਹੋਲੀ-ਹੋਲੀ ਉਪਲਬਧ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਇਲਾਕਿਆਂ ਇਹ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ। ਜਿਵੇਂ ਹੀ ਕਿਸੇ ਮੁਹੱਲੇ ’ਚ ਸੀਵਰੇਜ ਪਾਇਪ ਪਾਉਣ ਲਈ ਖੁਦਾਈ ਕੀਤੀ ਜਾਂਦੀ ਹੈ ਤਾਂ ਉਥੇ ਵਾਟਰ ਸਪਲਾਈ ਦੀਅਾਂ  ਪਾਇਪਾਂ ਹੋਣਾ ਸੰਭਾਵਿਕ ਹਨ ਕਿਉਂਕਿ ਤੰਗ ਗਲੀਅਾਂ ’ਚ ਖੁਦਾਈ ਲਈ ਜਗ੍ਹਾ ਘੱਟ ਹੋਣ ਕਾਰਨ ਸਾਰੀਅਾਂ  ਪਾਇਪਾਂ ਇਕੱਠੀਅਾਂ ਹੀਅਾਂ ਪਾਈਅਾਂ ਜਾਦੀਅ ਾਂ ਹਨ।
ਸ਼ਹਿਰ ਦੇ ਕੁਝ ਮੁਹੱਲਿਅਾਂ ’ਚ ਸਥਿਤੀ ਗੰਭੀਰ
  ਇਸਲਾਮਾਬਾਦ ਮੁਹੱਲਾ, ਪ੍ਰੇਮ ਨਗਰ, ਸੰਗਲਪੁਰਾ ਰੋਡ, ਮਿਹਰ ਚੰਦ ਰੋਡ, ਕਾਦਰੀ ਮੁਹੱਲਾ, ਪੋਸਟ ਆਫਿਸ ਦੇ ਪਿੱਛੇ ਵਾਲੇ ਇਲਾਕੇ ਸਮੇਤ ਹੁਣ ਜੋ ਨਵੇਂ ਪਿੰਡ ਨਗਰ ਕੌਂਸਲ ਨਾਲ ਜੋਡ਼ੇ ਗਏ ਹਨ, ਉਨ੍ਹਾਂ ਦੀ ਹਾਲਤ ਤਾਂ ਵੇਖਣ ਵਾਲੀ ਹੈ। ਸੀਵਰੇਜ ਪ੍ਰਣਾਲੀ ਬੰਦ ਹੋ ਜਾਣ  ਕਾਰਨ ਪਾਣੀ ਗਲੀਅਾਂ ਵਿਚ ਫੈਲਦਾ ਹੈ। ਬਰਸਾਤ ਦੇ ਮੌਸਮ ’ਚ ਤਾਂ ਸਥਿਤੀ ਇਹ ਬਣ ਜਾਂਦੀ ਹੈ ਕਿ ਗਲੀਅਾਂ ਤੋਂ ਪਾਣੀ ਦਾ ਨਿਕਾਸ ਹੀ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਅਤੇ ਸੀਵਰੇਜ ਬੈਕ ਮਾਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਆ ਜਾਂਦਾ ਹੈ। ਗੰਦੇ ਪਾਣੀ ਦੇ ਨਿਕਾਸ ’ਚ ਮੁੱਖ ਰੁਕਾਵਟ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਬਣ ਰਹੀਅਾਂ ਨਾਜਾਇਜ਼ ਕਾਲੋਨੀਅਾਂ ਹਨ। 
 ਸੀਵਰੇਜ ਪ੍ਰਣਾਲੀ ਵੀ ਵਧੀਆ ਸਥਿਤੀ ’ਚ ਨਹੀਂ 
 ਸ਼ਹਿਰ ’ਚ ਸੀਵਰੇਜ ਪ੍ਰਣਾਲੀ ਵੀ ਵਧੀਆ ਹਾਲਤ ’ਚ ਨਹੀਂ ਹੈ ਕਿਉਂਕਿ ਕੁਝ ਇਲਾਕਿਆਂ ’ਚ ਸੀਵਰੇਜ ਪਾਈਪਾਂ ਦੀ ਸਮਰੱਥਾ ਬਹੁਤ ਘੱਟ ਹੈ। ਜੇਲ ਰੋਡ ’ਤੇ ਜੋ ਸੀਵਰੇਜ ਪਾਇਆ ਗਿਆ ਸੀ, ਉਹ ਮਾਤਰ ਜੇਲ ਰੋਡ  ਲਈ ਸੀ ਪਰ ਹੁਣ ਉਸ ਵਿਚ ਨਗਰ ਸੁਧਾਰ ਟਰੱਸਟ ਦੀ ਕਾਲੋਨੀ ਵੀ ਜੋਡ਼ ਦਿੱਤੀ  ਹੈ,  ਜਿਸ  ਕਾਰਨ ਇਹ ਸੀਵਰੇਜ ਗੰਦਾ ਪਾਣੀ ਖਿੱਚਣ ਵਿਚ ਅਸਫ਼ਲ ਹੋ ਜਾਂਦਾ ਹੈ  ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੋ ਗੰਦੇ ਪਾਣੀ ਦੇ ਨਿਕਾਸ  ਲਈ ਨਾਲੇ ਬਣਾਏ ਗਏ ਹਨ, ਉਹ ਜ਼ਿਆਦਾਤਰ ਬੰਦ ਹਨ ਜਾਂ ਉਨ੍ਹਾਂ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ।  
  ਬਰਸਾਤ ਦੇ ਮੌਸਮ ’ਚ ਨਗਰ ਕੌਂਸਲ ਨੂੰ ਹਰ ਸਾਲ ਨਿਪਟਣਾ ਪੈਂਦੈ   : ਈ. ਓ.
 ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮੱਸਿਆ ਤੋਂ ਬਰਸਾਤ ਦੇ ਮੌਸਮ ’ਚ ਨਗਰ ਕੌਂਸਲ ਨੂੰ ਹਰ ਸਾਲ ਨਿਪਟਣਾ ਪੈਂਦਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਸ਼ਹਿਰ ਵਿਚ ਗੰਦੇ ਪਾਣੀ ਦੇ ਨਿਕਾਸ ’ਚ ਕੁਝ ਸਮੱਸਿਆ ਜ਼ਰੂਰ ਪੈਦਾ ਹੁੰਦੀ ਰਹਿੰਦੀ ਹੈ ਪਰ ਇਸ ਦਾ ਕਾਰਨ ਨਗਰ ਕੌਂਸਲ ਨਹੀਂ ਬਲਕਿ ਪਲਾਸਟਿਕ ਦੇ ਲਿਫਾਫੇ ਹਨ ਜੋ ਲੋਕ ਇਸਤੇਮਾਲ ਕਰਦੇ ਹਨ। ਉਨ੍ਹਾਂ  ਕਿਹਾ ਕਿ ਸ਼ਹਿਰ ਵਿਚ ਵਾਟਰ ਸਪਲਾਈ ਦੀਅਾਂ ਪਾਈਪ ਲਾਈਨਾਂ ਤਾਂ ਲਗਭਗ 35 ਸਾਲ ਪੁਰਾਣੀਅਾਂ ਹਨ ਜਦਕਿ ਸੀਵਰੇਜ ਦੀਆਂ ਪਾਈਪਾਂ ਲਗਭਗ 20 ਸਾਲ ਪੁਰਾਣੀਅਾਂ ਹਨ। ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਨੂੰ ਦੱਸੀ ਜਾ ਚੁੱਕੀ ਹੈ ਅਤੇ ਜਲਦੀ ਹੀ ਸਮੱਸਿਅਾ ਦਾ ਹੱਲ ਕੀਤਾ ਜਾਵੇਗਾ। 
 


Related News