ਗਾਂਧੀ ਜਯੰਤੀ ’ਤੇ ਸ਼ਰਾਬ ਦੀ ਵਿਕਰੀ: DC ਐਕਸਾਈਜ਼ ਦੇ ਹੁਕਮਾਂ ’ਤੇ ਸਖ਼ਤ ਕਾਰਵਾਈ, 20 ਠੇਕਿਆਂ ਨੂੰ 10 ਲੱਖ ਜੁਰਮਾਨਾ
Saturday, Oct 05, 2024 - 11:45 AM (IST)
ਜਲੰਧਰ (ਪੁਨੀਤ)–ਗਾਂਧੀ ਜਯੰਤੀ ਮੌਕੇ ਸ਼ਰਾਬ ਦੀ ਵਿਕਰੀ ’ਤੇ ਪੂਰੀ ਪਾਬੰਦੀ ਰਹਿੰਦੀ ਹੈ ਅਤੇ ਇਸ ਲਈ ਐਕਸਾਈਜ਼ ਵਿਭਾਗ ਵੱਲੋਂ ‘ਡਰਾਈ ਡੇਅ’ਐਲਾਨਿਆ ਹੋਇਆ ਸੀ ਪਰ ਇਸ ਦੇ ਬਾਵਜੂਦ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਸ਼ਰਾਬ ਦੀ ਜੰਮ ਕੇ ਵਿਕਰੀ ਹੋਈ। ਕਈ ਠੇਕਿਆਂ ਦੇ ਸ਼ਟਰ ਖੁੱਲ੍ਹੇ ਨਜ਼ਰ ਆਏ ਸਨ, ਜਦਕਿ ਕਈਆਂ ਵੱਲੋਂ ਚੋਰ ਖਿੜਕੀਆਂ ਤੋਂ ਸ਼ਰਾਬ ਵੇਚੀ ਗਈ ਸੀ।
‘ਜਗ ਬਾਣੀ’ਵੱਲੋਂ ਪ੍ਰਮੁੱਖਤਾ ਨਾਲ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੇ ਬਾਅਦ ਐਕਸਾਈਜ਼ ਵਿਭਾਗ ਹਰਕਤ ਵਿਚ ਆਇਆ ਅਤੇ ਜਲੰਧਰ ਜ਼ੋਨ ਵਿਚ 20 ਠੇਕਿਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਉਨ੍ਹਾਂ ਦੇ ਚਲਾਨ ਕੀਤੇ ਗਏ। ਹੁਣ ਇਨ੍ਹਾਂ ਠੇਕਿਆਂ ਨੂੰ ਘੱਟੋ-ਘੱਟ 50 ਹਜ਼ਾਰ ਪ੍ਰਤੀ ਠੇਕੇ ਦੇ ਹਿਸਾਬ ਨਾਲ 10 ਲੱਖ ਰੁਪਏ ਜੁਰਮਾਨਾ ਅਦਾ ਕਰਨਾ ਹੋਵੇਗਾ ਕਿਉਂਕਿ ਉਕਤ ਠੇਕਿਆਂ ਵੱਲੋਂ ਨਿਯਮਾਂ ਦਾ ਉਲੰਘਣ ਕਰਦੇ ਹੋਏ ਸ਼ਰਾਬ ਵੇਚੀ ਗਈ ਸੀ। ਅਧਿਕਾਰੀਆਂ ਵੱਲੋਂ 50 ਹਜ਼ਾਰ ਤੋਂ ਉੱਪਰ ਵੀ ਜੁਰਮਾਨਾ ਕੀਤਾ ਜਾ ਸਕਦਾ ਹੈ। ਖ਼ਬਰ ਛਪਣ ਅਤੇ ਪਾਬੰਦੀ ਦੀ ਉਲੰਘਣਾ ਕਰਨ ਕਾਰਨ ਵਿਭਾਗ ਨੂੰ ਉਚਿਤ ਕਾਰਵਾਈ ਕਰਨੀ ਪਈ। ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਗਰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ, ਹਨੂਵੰਤ ਸਿੰਘ ਅਤੇ ਸੁਖਵਿੰਦਰ ਸਿੰਘ ਦੀਆਂ ਟੀਮਾਂ ਵੱਲੋਂ ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਥਿਤ ਠੇਕਿਆਂ ਦੇ ਚਲਾਨ ਕੀਤੇ ਗਏ।
ਇਹ ਵੀ ਪੜ੍ਹੋ- Weather Update: ਪੰਜਾਬ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਸਬੰਧਤ ਠੇਕੇਦਾਰਾਂ ਨੂੰ ਡਿਪਟੀ ਕਮਿਸ਼ਨਰ ਐਕਸਾਈਜ਼ ਦੇ ਸਾਹਮਣੇ ਆਪਣਾ ਪੱਖ ਰੱਖਣਾ ਹੋਵੇਗਾ। ਡੀ. ਸੀ. ਦੇ ਸਾਹਮਣੇ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ’ਤੇ ਸੁਣਵਾਈ ਕੀਤੀ ਜਾਵੇਗੀ। ਇਸ ਸੁਣਵਾਈ ਦੌਰਾਨ ਜੁਰਮਾਨੇ ਦੀ ਰਾਸ਼ੀ 50,000 ਰੁਪਏ ਤੋਂ ਵੱਧ ਵੀ ਹੋ ਸਕਦੀ ਹੈ। ਜੁਰਮਾਨਾ ਰਾਸ਼ੀ ਠੇਕੇਦਾਰ ਦੀ ਗਲਤੀ ਦੀ ਗੰਭੀਰਤਾ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਨੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਭਵਿੱਖ ਵਿਚ ਗਲਤੀ ਹੋਈ ਤਾਂ ਰੱਦ ਹੋਵੇਗਾ ਲਾਇਸੈਂਸ : ਗਰਗ
ਡਿਪਟੀ ਕਮਿਸ਼ਨਰ ਐਕਸਾਈਜ਼ ਸੁਰਿੰਦਰ ਗਰਗ ਨੇ ਸਾਫ਼ ਕਿਹਾ ਕਿ ਇਹ ਸਿਰਫ ਮੁੱਢਲਾ ਕਦਮ ਹੈ। ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਉਲੰਘਣ ਫਿਰ ਤੋਂ ਹੁੰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਠੇਕਿਆਂ ਦੇ ਲਾਇਸੈਂਸ ਰੱਦ ਕਰਨ ਤੋਂ ਲੈ ਕੇ ਭਾਰੀ ਜੁਰਮਾਨਾ ਤਕ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਉਲੰਘਣ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਐਕਸਾਈਜ਼ ਵਿਭਾਗ ‘ਡਰਾਈ ਡੇਅ’ ਵਾਲੇ ਦਿਨ ਨਿਗਰਾਨੀ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਅਜਿਹੇ ਵਿਸ਼ੇਸ਼ ਦਿਨਾਂ ’ਤੇ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਨਾਲ ਰੋਕੀ ਜਾ ਸਕੇ।
ਇਹ ਵੀ ਪੜ੍ਹੋ- ਤਿੰਨ-ਤਿੰਨ ਪਾਰਟੀਆਂ ਘੁੰਮ ਕੇ ਮੁੜ 'ਘਰ ਵਾਪਸੀ' ਦੀ ਤਿਆਰੀ ’ਚ ਜਲੰਧਰ ਦੇ ਨੇਤਾ ਜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ