ਫਗਵਾੜਾ ਸਬ-ਜੇਲ ਬ੍ਰੇਕ ਕਾਂਡ : ਸਭ ਕੁਝ ਪਲਾਨਿੰਗ ਦੇ ਤਹਿਤ ਹੋਇਆ!

12/08/2017 6:14:58 AM

ਫਗਵਾੜਾ, (ਜਲੋਟਾ)- ਫਗਵਾੜਾ ਸਬ ਜੇਲ ਤੋਂ ਵੀਰਵਾਰ ਸਵੇਰੇ ਫਿਲਮੀ ਸਟਾਈਲ 'ਚ ਫਰਾਰ ਹੋਏ 2 ਵਿਚਾਰ ਅਧੀਨ ਕੈਦੀਆਂ ਅਮਨਦੀਪ ਕੁਮਾਰ ਤੇ ਰਾਜਵਿੰਦਰ ਕੁਮਾਰ ਤੇ ਇਸ ਕਾਂਡ ਵਿਚ ਸ਼ਾਮਲ ਰਹੇ ਉਨ੍ਹਾਂ ਦੇ ਤੀਸਰੇ ਸਾਥੀ ਕੈਦੀ ਪਵਨ ਕੁਮਾਰ, ਜੋ ਕਿ ਫਰਾਰ ਹੋਣ 'ਚ ਕਾਮਯਾਬ ਨਹੀਂ ਹੋ ਸਕਿਆ, ਦਾ ਮਾਮਲਾ ਪੂਰੀ ਪਲਾਨਿੰਗ ਨਾਲ ਡੂੰਘੀ ਸਾਜ਼ਿਸ਼ ਰਚ ਕੇ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਇੰਨਾ ਆਸਾਨ ਨਹੀਂ ਸੀ, ਜਿੰਨਾ ਦੇਖਣ ਦਾ ਯਤਨ ਕੀਤਾ ਗਿਆ ਹੈ। ਦੱਸ ਦੇਈਏ ਕਿ ਫਰਾਰ ਹੋਏ ਦੋਵੇਂ ਕੈਦੀ ਪੈਦਲ ਹੀ ਬੰਗਾ ਰੋਡ ਵੱਲ ਨਿਕਲ ਗਏ। ਇਹ ਰਹੱਸ ਬਣਿਆ ਹੋਇਆ ਹੈ ਕਿ ਕੀ ਦੋਵੇਂ ਕੈਦੀ ਤੈਅਸ਼ੁਦਾ ਪਲਾਨ ਮੁਤਾਬਕ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਜੇਲ ਦੇ ਬਾਹਰ ਵਾਹਨ ਲੈ ਕੇ ਮੌਜੂਦ ਆਪਣੇ ਕਿਸੇ ਸਾਥੀ ਦੀ ਮਦਦ ਨਾਲ ਫਰਾਰ ਹੋਏ ਹਨ?
'ਜਗ ਬਾਣੀ' ਦੇ ਪੱਤਰਕਾਰ ਵਲੋਂ ਕੀਤੀ ਗਈ ਜਾਂਚ ਵਿਚ ਇਹ ਤੱਥ ਖੁਲ੍ਹ ਕੇ ਸਾਹਮਣੇ ਆਇਆ ਹੈ ਕਿ ਫਰਾਰ ਹੋਏ ਕੈਦੀਆਂ ਨੂੰ ਇਕ ਪਾਸੇ ਜਿਥੇ ਸਬ-ਜੇਲ 'ਚ ਸਵੇਰ ਤੋਂ ਲੈ ਕੇ ਸ਼ਾਮ ਤਕ ਹੁੰਦੀ ਹਰੇਕ ਛੋਟੀ-ਵੱਡੀ ਹਲਚਲ ਦੀ ਬਾਰੀਕੀ ਨਾਲ ਜਾਣਕਾਰੀ ਸੀ। ਉਕਤ ਕੈਦੀਆਂ ਨੇ ਜੋ ਕੁਝ ਵੀ ਕੀਤਾ, ਨੂੰ ਬੇਹੱਦ ਪਲਾਨਿੰਗ ਤੇ ਟਾਈਮਿੰਗ ਨਾਲ ਕੀਤਾ। 
ਸੂਤਰਾਂ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਕਤ ਤਿੰਨੋਂ ਕੈਦੀ ਅਮਨਦੀਪ ਕੁਮਾਰ, ਰਾਜਵਿੰਦਰ ਕੁਮਾਰ ਤੇ ਪਵਨ ਕੁਮਾਰ ਸਬ-ਜੇਲ ਵਿਚ ਇਕ-ਦੂਸਰੇ ਦੇ ਬੇਹੱਦ ਕਰੀਬੀ ਸਾਥੀ ਸੀ ਅਤੇ ਇਹ ਤਿੰਨੋਂ ਹੀ ਸਬ-ਜੇਲ ਦੇ ਅੰਦਰ ਮੌਜੂਦ ਰਸੋਈ ਘਰ ਵਿਚ ਚਾਹ ਬਣਾਉਂਦੇ ਸੀ। ਇਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਸੀ ਕਿ ਸਬ ਜੇਲ ਦੇ ਮੇਨ ਗੇਟ 'ਤੇ ਜੇਲ ਪ੍ਰਸ਼ਾਸਨ ਦਾ ਕਿਹੜਾ ਕਰਮਚਾਰੀ ਤਾਇਨਾਤ ਹੈ ਅਤੇ ਉਸ ਦੀ ਡਿਊਟੀ ਦਾ ਸਮਾਂ ਕਦੋਂ ਤਕ ਹੈ।
ਕਦੋਂ, ਕੀ ਅਤੇ ਕਿਵੇਂ ਹੋਇਆ
- ਤਿੰਨੋਂ ਕੈਦੀ ਸਵੇਰੇ 6 ਵਜੇ ਉਠੇ ਅਤੇ ਉਨ੍ਹਾਂ ਨੂੰ ਜੇਲ ਬੈਰਕ 'ਤੇ ਤਾਇਨਾਤ ਹੈੱਡ ਕਾਂਸਟੇਬਲ ਕਾਬੁਲ ਸਿੰਘ ਨੇ ਉਥੋਂ ਬਾਹਰ ਕੱਢਿਆ।
-  ਇਸ ਦੇ ਬਾਅਦ ਤਿੰਨੋਂ ਕੈਦੀਆਂ ਨੇ ਆਪਣੇ ਲਈ ਅਤੇ ਜੇਲ ਵਿਚ ਮੌਜੂਦ ਹੋਰ ਕੈਦੀਆਂ ਲਈ ਚਾਹ ਬਣਾਈ।
-  ਇਸ ਤੋਂ ਬਾਅਦ ਰਹੱਸਮਈ ਹਾਲਤ ਵਿਚ ਜੇਲ ਵਾਰਡਨ ਦੇ ਤੌਰ 'ਤੇ ਜੇਲ ਬੈਰਕ ਨੰ. 1 ਤੇ 2 ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇ ਹੋਏ ਹੈੱਡ ਕਾਂਸਟੇਬਲ ਕਾਬੁਲ ਸਿੰਘ ਫਗਵਾੜਾ ਸਬ ਜੇਲ ਤੋਂ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਅਤੇ ਬਿਨਾਂ ਜੇਲ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਆਗਿਆ ਦੇ ਜੇਲ ਦਾ ਮੇਨ ਦਰਵਾਜ਼ਾ ਖੋਲ੍ਹ ਕੇ ਬਾਹਰ ਚਲਾ ਗਿਆ।
-  ਇਸ ਦੌਰਾਨ ਜੇਲ ਦੇ ਗੇਟ 'ਤੇ ਹੌਲਦਾਰ ਮੰਗਤ ਸਿੰਘ ਮੌਜੂਦ ਰਹੇ, ਉਸ ਨੇ ਗੇਟ ਨੂੰ ਬੰਦ ਕਰਵਾਉੁਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਜੇਲ ਦਾ ਗੇਟ ਖੁੱਲ੍ਹਾ ਰਿਹਾ।
-  ਇਸ ਦੌਰਾਨ ਚਾਹ ਬਣਾਉਣ ਦੇ ਬਾਅਦ ਤਿੰਨੋਂ ਕੈਦੀ ਤੈਅਸ਼ੁਦਾ ਪਲਾਨ ਅਨੁਸਾਰ ਚਾਹ ਦਾ ਕੱਪ ਜਿਸ 'ਚ ਜੇਲ ਦੀ ਰਸੋਈ ਘਰ 'ਚ ਸਬਜ਼ੀ ਆਦਿ ਬਣਾਉਣ ਵਿਚ ਵਰਤਣ ਵਾਲਾ ਮਿਰਚ ਮਸਾਲਾ ਪਿਆ ਹੋਇਆ ਸੀ, ਹੱਥਾਂ ਵਿਚ ਲਏ 2 ਕੈਦੀ ਜੇਲ ਦੇ ਗੇਟ ਵੱਲ ਵਧੇ ਅਤੇ ਗਰਮ ਚਾਹ ਤਾਇਨਾਤ ਪੁਲਸ ਕਰਮਚਾਰੀ ਹਰਪਾਲ ਸਿੰਘ ਦੀਆਂ ਅੱਖਾਂ 'ਤੇ ਸੁੱਟ ਦਿੱਤੀ, ਜਦ ਕਿ ਤੀਸਰਾ ਕੈਦੀ ਪਵਨ ਕੁਮਾਰ ਪੁਲਸ ਕਰਮਚਾਰੀ ਹਰਪਾਲ ਸਿੰਘ ਨਾਲ ਕੁੱਟਮਾਰ ਕਰਨ ਲੱਗਾ।
-  ਮੌਕਾ ਪਾਉਂਦੇ ਹੀ 2 ਕੈਦੀ ਅਮਨਦੀਪ ਕੁਮਾਰ ਸਬ ਜੇਲ ਦੇ ਪਹਿਲਾਂ ਤੋਂ ਖੁਲ੍ਹੇ ਗੇਟ ਤੋਂ ਫਰਾਰ ਹੋ ਕੇ ਬੰਗਾ ਰੋਡ ਵੱਲ ਪੈਦਲ ਗਏ।
ਗੇਟ ਖੁਲ੍ਹਵਾ ਕੇ ਸਵੇਰੇ ਕਿਥੇ ਚਲਾ ਗਿਆ ਸੀ ਹੌਲਦਾਰ ਕਾਬੁਲ ਸਿੰਘ
ਜਦ ਉਕਤ ਕੈਦੀਆਂ ਨੇ ਇਹ ਸਭ ਕੀਤਾ, ਤਦ ਜੇਲ ਬੈਰਕ 'ਤੇ ਰਾਤ 12 ਤੋਂ ਸਵੇਰੇ 6 ਵਜੇ ਅਤੇ ਫਿਰ ਸਵੇਰੇ 6 ਤੋਂ ਦੁਪਹਿਰ 12 ਵਜੇ ਤਕ ਡਿਊਟੀ 'ਤੇ ਹੈੱਡ ਕਾਂਸਟੇਬਲ ਕਾਬੁਲ ਸਿੰਘ ਕਿਥੇ ਸੀ? ਕੀ ਉਹ ਸਵੇਰੇ 6.30 ਵਜੇ ਬਾਹਰ ਕਿਸੇ ਨੂੰ ਮਿਲਣ ਗਿਆ ਹੋਇਆ ਸੀ? ਅਤੇ ਉਹ ਜਦ ਬਿਨਾਂ ਕਿਸੇ ਸਰਕਾਰੀ ਆਰਡਰ ਦੇ ਜੇਲ ਦਾ ਗੇਟ ਆਪਣੇ ਸਾਥੀ ਕਰਮਚਾਰੀ ਹਰਪਾਲ ਸਿੰਘ ਤੋਂ ਖੁਲ੍ਹਵਾ ਕੇ ਬਾਹਰ ਗਿਆ, ਤਦ ਐੱਸ. ਐੱਲ. ਆਰ. ਨਾਲ ਲੈਸ ਹੌਲਦਾਰ ਮੰਗਤ ਸਿੰਘ ਕੀ ਕਰ ਰਿਹਾ ਸੀ? ਉਕਤ ਦੋਵੇਂ ਹੌਲਦਾਰਾਂ ਨੇ ਸਬ-ਜੇਲ ਦੇ ਗੇਟ ਨੂੰ ਕਿਉਂ ਬੰਦ ਨਹੀਂ ਕੀਤਾ?
ਕੈਦੀਆਂ ਨੂੰ ਫਰਾਰ ਹੋਣ ਤੋਂ ਰੋਕਣ ਲਈ ਇਕ ਵੀ ਗੋਲੀ ਨਹੀਂ ਚੱਲੀ
ਜੇਲ ਬ੍ਰੇਕ ਕਾਂਡ ਦਾ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜਦ ਜੇਲ ਵਿਚ ਤਾਇਨਾਤ ਪੁਲਸ ਕਰਮਚਾਰੀ ਹਰਪਾਲ ਸਿੰਘ ਨਾਲ ਕੈਦੀ ਪਵਨ ਕੁਮਾਰ ਕੁੱਟਮਾਰ ਕਰ ਰਿਹਾ ਸੀ ਅਤੇ ਉਕਤ 2 ਕੈਦੀ ਪਹਿਲਾਂ ਤੋਂ ਹੀ ਖੁੱੱਲ੍ਹੇ ਰੱਖੇ ਹੋਏ ਜੇਲ ਗੇਟ ਤੋਂ ਬਾਹਰ ਆਏ, ਤਦ ਇਸ ਦੇ ਠੀਕ ਬਾਹਰ ਹੌਲਦਾਰ ਮੰਗਤ ਸਿੰਘ ਐੱਸ. ਐੱਲ. ਆਰ. ਨਾਲ ਲੈਸ ਹੋ ਕੇ ਜੇਲ ਦੇ ਬਾਹਰ ਡਿਊਟੀ ਕਰ ਰਿਹਾ ਸੀ। ਇਹ ਆਪਣੇ ਆਪ ਵਿਚ ਅਜੀਬ ਘਟਨਾ ਚੱਕਰ ਹੀ ਰਿਹਾ ਹੈ ਕਿ ਨਾ ਤਾਂ ਹੌਲਦਾਰ ਮੰਗਤ ਸਿੰਘ ਨੂੰ ਹਰਪਾਲ ਸਿੰਘ ਨਾਲ ਹੋ ਰਹੀ ਕੁੱਟਮਾਰ ਅਤੇ ਸਬ-ਜੇਲ ਦੇ ਅੰਦਰ ਮਚੇ ਕੋਹਰਾਮ ਦੀ ਕੋਈ ਆਵਾਜ਼ ਸੁਣਾਈ ਦਿੱਤੀ ਅਤੇ ਨਾ ਹੀ ਉਸ ਨੇ ਫਰਾਰ ਹੋ ਰਹੇ 2 ਕੈਦੀਆਂ ਅਮਨਦੀਪ ਕੁਮਾਰ ਅਤੇ ਰਾਜਵਿੰਦਰ ਕੁਮਾਰ 'ਤੇ ਤੈਅਸ਼ੁਦਾ ਕਾਨੂੰਨ ਦੇ ਤਹਿਤ ਫਾਇਰਿੰਗ ਕੀਤੀ, ਜਿਸ ਨਾਲ ਇਹ ਦੋਵੇਂ ਕੈਦੀ ਬੇਹੱਦ ਆਸਾਨੀ ਨਾਲ ਸਬ-ਜੇਲ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਅਹਿਮ ਸਵਾਲ ਇਹ ਹੈ ਕਿ ਹੌਲਦਾਰ ਮੰਗਤ ਸਿੰਘ ਦੀ ਅਜਿਹੀ ਕੀ ਮਜਬੂਰੀ ਸੀ ਕਿ ਉਸ ਨੇ ਖੁਲ੍ਹੇਆਮ ਸਬ-ਜੇਲ ਤੋਂ ਫਰਾਰ ਹੋ ਰਹੇ ਦੋਵਾਂ ਕੈਦੀਆਂ 'ਤੇ ਆਪਣੀ ਸਰਕਾਰੀ ਐੱਸ. ਐੱਲ. ਆਰ. ਨਾਲ ਇਕ ਵੀ ਫਾਇਰ ਨਹੀਂ ਕੀਤਾ? ਜਦ ਕਿ ਇਹ ਉਸ ਦੀ ਡਿਊਟੀ ਸੀ ਕਿ ਉਹ ਅਜਿਹੇ ਹਾਲਾਤ 'ਚ ਫਾਇਰਿੰਗ ਕਰ ਕੇ ਇਨ੍ਹਾਂ ਕੈਦੀਆਂ ਨੂੰ ਫਰਾਰ ਹੋਣ ਤੋਂ ਰੋਕਦਾ।


Related News