ਇਨਸਾਨੀਅਤ ਹੋਈ ਸ਼ਰਮਸਾਰ : ਬਜ਼ੁਰਗ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਨਾਹ
Sunday, May 26, 2019 - 09:46 AM (IST)

ਫਗਵਾੜਾ (ਹਰਜੋਤ) : ਫਗਵਾੜਾ 'ਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ ਜਦੋਂ ਇਕ 70 ਸਾਲਾ ਬਜ਼ੁਰਗ ਨੇ ਘਰ 'ਚ ਕੰਮ ਕਰਦੀ ਨਾਬਾਲਗ ਲੜਕੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਨਾਲ ਜਬਰ-ਜ਼ਨਾਹ ਤੇ ਅਸ਼ਲੀਲ ਹਰਕਤਾਂ ਕੀਤੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਨਾਬਾਲਗ ਲੜਕੀ ਜੋ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਪਿੰਡ 'ਚ ਬਜ਼ੁਰਗ ਦੇ ਘਰ 'ਚ ਸਾਫ਼-ਸਫ਼ਾਈ ਤੇ ਰੋਟੀ ਬਣਾਉਣ ਦਾ ਕੰਮ ਕਰਦੀ ਸੀ ਅਤੇ 12 ਮਈ ਨੂੰ ਜਦੋਂ ਉਹ ਕੰਮ ਕਰਨ ਲਈ ਗਈ ਤਾਂ ਉਕਤ ਬਜ਼ੁਰਗ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਤੇ ਜਬਰ-ਜ਼ਨਾਹ ਕੀਤਾ। ਜਿਸ ਉਪਰੰਤ ਲੜਕੀ ਉਸ ਦਿਨ ਤੋਂ ਬਾਅਦ ਕੰਮ 'ਤੇ ਨਹੀਂ ਗਈ ਅਤੇ ਉਸ ਨੇ ਇਹ ਸਾਰਾ ਮਾਮਲਾ 24 ਮਈ ਨੂੰ ਆਪਣੀ ਚਾਚੀ ਨੂੰ ਦੱਸਿਆ, ਜਿਸ 'ਤੇ ਉਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਸ ਸਬੰਧੀ ਐੱਸ. ਐੱਚ. ਓ. ਰਾਵਲਪਿੰਡੀ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਉਕਤ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਉਕਤ ਬਜ਼ੁਰਗ ਵਾਸੀ ਪਿੰਡ ਬਬੇਲੀ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਜਿਥੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ।